ਮੈਟ ''ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾਉਣ ''ਤੇ ਬੋਲੇ ਸੁਖਬੀਰ ਬਾਦਲ
Tuesday, Feb 05, 2019 - 06:27 PM (IST)
![ਮੈਟ ''ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾਉਣ ''ਤੇ ਬੋਲੇ ਸੁਖਬੀਰ ਬਾਦਲ](https://static.jagbani.com/multimedia/2019_2image_15_40_477000000untitled-17copy.jpg)
ਜਲੰਧਰ (ਸੋਨੂੰ)— ਫਲਿੱਟਕਾਰਟ ਵੱਲੋਂ ਡੌਰ ਮੈਟ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਗਾਉਣ 'ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਫਲਿੱਪਕਾਰਟ ਨੇ ਬੇਅਦਬੀ ਕਰਕੇ ਸਿੱਖਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ ਅਤੇ ਉਹ ਜਲਦੀ ਦੀ ਇਸ ਸਬੰਧੀ ਭਾਰਤ ਸਰਕਾਰ ਨਾਲ ਗੱਲਬਾਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਐਮਾਜ਼ੋਨ ਵੱਲੋਂ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਹੁਣ ਫਲਿੱਪਕਾਰਟ ਨੇ ਵੀ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨੂੰ ਕਾਰਪੇਟ 'ਤੇ ਲਗਾ ਕੇ ਸਿੱਖਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਜਲਦੀ ਹੀ ਭਾਰਤ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਅਜਿਹੀਆਂ ਸਾਈਟਾਂ 'ਤੇ ਕੇਸ ਕਰਨ ਦੀ ਦਰਖਾਸਤ ਕਰਨਗੇ। ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਦੇ ਕਸਬਾ ਆਦਮਪੁਰ ਦੇ ਪਿੰਡ ਕਿਸ਼ਨਗੜ 'ਚ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ। ਕਰਤਾਰਪੁਰ ਕੋਰੀਡੋਰ ਦੇ ਮਾਮਲੇ 'ਚ ਉਨ੍ਹਾਂ ਨੇ ਕਿਹਾ ਕਿ ਕੋਰੀਡੋਰ ਨੂੰ ਜਲਦੀ ਤੋਂ ਜਲਦੀ ਖੋਲ੍ਹਿਆ ਜਾਣਾ ਚਾਹੀਦਾ ਹੈ। ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ 'ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਦਾ ਨਿਰਮਾਣ ਕੀਤਾ ਗਿਆ ਸੀ, ਜੋ ਕਿ ਉਹ ਵੀ ਸਿਆਸਤ ਤੋਂ ਪ੍ਰੇਰਿਤ ਸੀ। ਉਨ੍ਹਾਂ ਨੇ ਕਿਹਾ ਕਿ ਸਿੱਟ ਬਿਨਾਂ ਕਿਸੇ ਭੇਦਭਾਵ 'ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰੇ ਅਤੇ ਇੰਨੀ ਦੁਖਦਾਈ ਖਬਰ ਨੂੰ ਸਿਆਸੀ ਤੌਰ 'ਤੇ ਨਹੀਂ ਲੈਣਾ ਚਾਹੀਦਾ।
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਲਾਨਾ ਦੇਣ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਦੂਜੇ ਸੁਬੇ ਦੀਆਂ ਸਰਕਾਰਾਂ ਆਪਣੇ ਕਿਸਾਨਾਂ ਦੀਆਂ ਲਿਸਟਾਂ ਕੇਂਦਰ ਸਰਕਾਰ ਨੂੰ ਭੇਜ ਰਹੀਆਂ ਹਨ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਇਕ ਵੀ ਲਿਸਟ ਕੇਂਦਰ ਸਰਕਾਰ ਨੂੰ ਨਹੀਂ ਭੇਜੀ ਹੈ ਅਤੇ ਪੰਜਾਬ ਸਰਕਾਰ ਜਾਣਬੁੱਝ ਕੇ ਇਸ 'ਚ ਦੇਰੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੂਰੇ ਦੇਸ਼ 'ਚ 5 ਲੱਖ ਦੀ ਮੈਡੀਕਲ ਇੰਸ਼ੋਰੈਂਸ ਲਿਆਂਦੀ ਜਾ ਰਹੀ ਹੈ ਅਤੇ ਪੂਰੇ ਦੇਸ਼ 'ਚ ਇਸ ਸਕੀਮ ਨੂੰ ਲਾਗੂ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਇਸ ਸਕੀਮ ਨੂੰ ਲਾਗੂ ਨਹੀਂ ਕਰ ਰਹੀ ਹੈ।