ਜੀ. ਕੇ. ਵਿਰੁੱਧ ਐੱਫ. ਆਈ. ਆਰ. ਦੇ ਆਦੇਸ਼ ਤੋਂ ਬਾਅਦ ਸਰਨਾ ਨੇ ਮੰਗਿਆ ਸੁਖਬੀਰ ਦਾ ਅਸਤੀਫਾ
Thursday, Jan 10, 2019 - 04:39 PM (IST)

ਜਲੰਧਰ (ਚਾਵਲਾ)— ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪਟਿਆਲਾ ਹਾਊਸ ਕੋਰਟ ਦੇ ਸੈਸ਼ਨ ਜੱਜ ਵੱਲੋਂ ਮਨਜੀਤ ਸਿੰਘ ਜੀ. ਕੇ. ਵਿਰੁੱਧ ਸੈਸ਼ਨ ਜੱਜ ਵੱਲੋਂ ਮੈਜਿਸਟਰੇਟ ਕੋਰਟ ਦੇ ਐੱਫ. ਆਈ. ਆਰ. ਦਰਜ ਕਰਨ ਦੇ ਆਦੇਸ਼ ਬਰਕਰਾਰ ਰੱਖਣ ਦੇ ਹੁਕਮਾਂ ਤੋਂ ਬਾਅਦ ਸੁਖਬੀਰ ਬਾਦਲ ਨੂੰ ਫੋਰੀ ਤੌਰ 'ਤੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਜਨਰਲ ਹਾਊਸ ਨੂੰ ਭੰਗ ਕਰਕੇ ਦਿੱਲੀ ਕਮੇਟੀ ਦੀਆਂ ਜਨਰਲ ਚੋਣਾਂ ਹੋਣੀਆਂ ਚਾਹੀਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਦੇ ਇਤਿਹਾਸ 'ਚ ਪਹਿਲਾਂ ਕਦੇ ਨਹੀਂ ਹੋਇਆ ਕਿ ਇਨ੍ਹਾਂ ਸੰਸਥਾਵਾਂ ਦੇ ਪ੍ਰਧਾਨ ਜਾਂ ਅਹੁਦੇਦਾਰਾਂ ਵਿਰੁੱਧ ਗੁਰੂ ਕੀ ਗੋਲਕ ਦੀ ਲੁੱਟ-ਖਸੁੱਟ ਨਾਲ ਸਬੰਧਤ ਦੋਸ਼ਾਂ ਦੀ ਪੁਲਸ ਜਾਂਚ ਤੋਂ ਬਾਅਦ ਕੋਰਟ ਦੇ ਆਦੇਸ਼ਾਂ ਨਾਲ ਐੱਫ. ਆਈ. ਆਰ. ਦਰਜ ਕੀਤੀ ਗਈ ਹੋਵੇ। ਉਨ੍ਹਾਂ ਨੇ ਕਿਹਾ ਕਿ ਬਾਦਲ ਦਲ ਨੂੰ ਦੇਸ਼ ਦੇ ਕਾਨੂੰਨ ਅਤੇ ਗੁਰੂ ਦੀ ਕਚਹਿਰੀ 'ਚ ਗੋਲਕ ਲੁੱਟਣ ਦੇ ਕੀਤੇ ਅਪਰਾਧ ਦੀ ਮੁਆਫੀ ਨਹੀਂ ਮਿਲ ਸਕਦੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਦਿੱਲੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਦਿੱਲੀ ਕਮੇਟੀ ਦੀਆਂ ਜਨਰਲ ਚੋਣਾਂ ਕਰਵਾਈਆਂ ਜਾਣ ਅਤੇ ਅਜਿਹਾ ਕੇਜਰੀਵਾਲ ਸਰਕਾਰ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਾਦਲ ਦਲ ਦੇ ਉਨ੍ਹਾਂ ਸਾਰੇ ਮੈਂਬਰਾਂ ਦਾ ਸਵਾਗਤ ਕਰਦੇ ਹਨ, ਜਿਨ੍ਹਾਂ ਨੇ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਗੋਲਕ ਲੁੱਟਣ ਵਾਲਿਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ।