ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਰਿਪੋਰਟ ’ਚ ਨਾਂ ਸਾਹਮਣੇ ਆਉਣ ਦਾ ਮਾਮਲਾ ਬਾਦਲ, ਸੁਖਬੀਰ ਤੇ ਮਜੀਠੀਆ ਦੇ ਫੂਕੇ ਪੁਤਲੇ
Friday, Aug 31, 2018 - 01:34 AM (IST)

ਅੰਮ੍ਰਿਤਸਰ, (ਮਹਿੰਦਰ/ਸੂਰੀ)- ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਬਰਗਾੜੀ, ਬਹਿਬਲ ਕਲਾਂ ਕਾਂਡ ਨੂੰ ਲੈ ਕੇ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਵਿਚ ਤਤਕਾਲੀ ਮੁੱਖ ਮੰਤਰੀ, ਸਥਾਨਕ ਵਿਧਾਇਕ ਅਤੇ ਉਸ ਸਮੇਂ ਦੇ ਡੀ. ਜੀ. ਪੀ. ਦਾ ਨਾਂ ਸਾਹਮਣੇ ਆਉਣ ’ਤੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਪੀ. ਏ. ਸੀ. ਮੈਂਬਰ ਸੁਰੇਸ਼ ਸ਼ਰਮਾ ਦੀ ਅਗਵਾਈ ਵਿਚ ਸਥਾਨਕ ਭੰਡਾਰੀ ਪੁਲ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮਾਲੀਆ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਪੁਤਲੇ ਫੂਕੇ ਗਏ। ਇਸ ਸਮੇਂ ਸੁਰੇਸ਼ ਸ਼ਰਮਾ ਨੇ ਕਿਹਾ ਕਿ ਬਰਗਾੜੀ ਵਿਚ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਸਮੁੱਚੇ ਸਿੱਖ ਜਗਤ ਨੂੰ ਭਾਰੀ ਠੇਸ ਲੱਗੀ ਹੈ। ਹੁਣ 3 ਸਾਲ ਬਾਅਦ ਇਸ ਮਾਮਲੇ ਨੂੰ ਲੈ ਕੇ ਪੇਸ਼ ਹੋਈ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਵਿਚ ਖੁਦ ਨੂੰ ਸਿੱਖ ਧਰਮ ਦੀ ਹਿਤੈਸ਼ੀ ਕਹਿਣ ਵਾਲੀ ਪਾਰਟੀ ਅਕਾਲੀ ਦਲ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉੁਣ ਨਾਲ ਉਹ ਪੁਰਾਣੇ ਜ਼ਖਮ ਦੁਬਾਰਾ ਹਰੇ ਹੋ ਗਏ ਹਨ।
ਇਸ ਮੌਕੇ ਪੀ. ਏ. ਸੀ. ਮੈਂਬਰ ਸੁਰੇਸ਼ ਕੁਮਾਰ ਸ਼ਰਮਾ, ਦੀਕਸ਼ਿਤ ਧਵਨ, ਸੰਜੀਵ ਲਾਂਬਾ, ਮਾਨਵ ਪਾਂਡੇ, ਰਣਦੀਪ ਤੇਜੀ, ਰਿੱਕੀ ਗ੍ਰੋਵਰ, ਅਨਿਲ ਮੈਨੀ, ਅਸ਼ੋਕ ਕੁਮਾਰ ਡੀ. ਐੱਸ. ਪੀ. (ਰਿਟਾਇਰਡ), ਦੀਪਕ ਗੁਪਤਾ, ਵਰੁਣ, ਹਰਜੀਤ ਕੌਰ, ਕੈਪਟਨ ਬਲਵਿੰਦਰ ਜੌਹਲ, ਮੈਡਮ ਸੁਰਿੰਦਰ ਕੰਵਲ ਕੌਰ, ਮੈਡਮ ਵਾਲੀਆ, ਹਰਜਿੰਦਰ ਕੌਰ, ਨਰਿੰਦਰ ਅਤੇ ਅਜੇ ਮਹਿਤਾ ਸਣੇ ਹੋਰ ਵਲੰਟੀਅਰਸ ਵੀ ਹਾਜ਼ਰ ਸਨ।.
ਖਾਲਸਾ ਸੰਘਰਸ਼ ਜਥੇਬੰਦੀ ਵਲੋਂ ਵੀ ਰੋਸ ਪ੍ਰਦਰਸ਼ਨ
ਚੋਗਾਵਾਂ, (ਹਰਜੀਤ)-ਅੱਜ ਚੋਗਾਵਾਂ ਦੇ ਮੇਨ ਚੌਕ ’ਚ ਖਾਲਸਾ ਸੰਘਰਸ਼ ਜਥੇਬੰਦੀ ਪੰਜਾਬ ਦੇ ਮੁੱਖ ਸੇਵਾਦਾਰ ਬਾਬਾ ਰਾਜਨ ਸਿੰਘ, ਆਮ ਆਦਮੀ ਪਾਰਟੀ ਹਲਕਾ ਰਾਜਾਸਾਂਸੀ ਦੇ ਇੰਚਾਰਜ ਬਾਬਾ ਜਗਜੋਤ ਸਿੰਘ ਖਾਲਸਾ, ਭਾਈ ਕਿਰਪਾਲ ਸਿੰਘ ਚੱਕ, ਰਣਜੀਤ ਸਿੰਘ ਕੋਹਾਲੀ ਤੇ ਗੁਰਭੇਜ ਸਿੰਘ ਵਣੀਏਕੇ ਦੀ ਅਗਵਾਈ ਹੇਠ ਬਰਗਾਡ਼ੀ ਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਇਕ ਰੋਸ ਮਾਰਚ ਗੁਰਦੁਆਰਾ ਪਤਾਲਪੁਰੀ ਤੋਂ ਆਰੰਭ ਹੋਇਆ, ਜੋ ਕਿ ਸਾਬਕਾ ਮੁੱਖ ਮੰਤਰੀ ਬਾਦਲ ਤੇ ਬਰਗਾਡ਼ੀ ਕਾਂਡ ਦੇ ਦੋਸ਼ੀਅਾਂ ਖਿਲਾਫ ਨਾਅਰੇਬਾਜ਼ੀ ਕਰਦਾ ਹੋਇਆ ਮੇਨ ਚੌਕ ’ਚ ਪੁੱਜਾ।
ਇਸ ਮੌਕੇ ਬੁਲਾਰਿਅਾਂ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਸਿੱਧ ਹੋ ਚੁੱਕਾ ਹੈ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਹੋਰਨਾਂ ਦੋਸ਼ੀਅਾਂ ਦੇ ਨਾਲ-ਨਾਲ ਪ੍ਰਕਾਸ਼ ਸਿੰਘ ਬਾਦਲ ਵੀ ਜ਼ਿੰਮੇਵਾਰ ਹਨ। ਇਸ ਮੌਕੇ ਭਾਈ ਦੀਦਾਰ ਸਿੰਘ, ਬਾਬਾ ਸਤਨਾਮ ਸਿੰਘ ਲੋਪੋਕੇ, ਡਾ. ਹਰਜਿੰਦਰ ਸਿੰਘ ਭਿੰਡੀ ਸੈਦਾਂ, ਕੁਲਵੰਤ ਸਿੰਘ ਭਿੱਟੇਵੱਢ, ਜਥੇ. ਗੁਰਭੇਜ ਸਿੰਘ ਵਣੀਏਕੇ, ਸੁਖਦੇਵ ਸਿੰਘ, ਸੂਬਾ ਸਿੰਘ ਵਣੀਏਕੇ, ਬਲਵਿੰਦਰ ਸਿੰਘ ਢਿੱਲੋਂ, ਨਿਸ਼ਾਨ ਸਿੰਘ ਢਿੱਲੋਂ, ਹਰਵੀਰ ਸਿੰਘ ਤੱਲੇ, ਅਮਰੀਕ ਸਿੰਘ ਵਰਪਾਲ, ਕੁਲਦੀਪ ਸਿੰਘ ਚੋਗਾਵਾਂ, ਬਾਬਾ ਧਰਮ ਸਿੰਘ, ਸੇਵਾ ਸਿੰਘ ਚੋਗਾਵਾਂ, ਗੁਰਜੀਤ ਸਿੰਘ ਠੱਠੀ, ਅਵਤਾਰ ਸਿੰਘ ਭੁੱਲਰ, ਅਰਜਨ ਸਿੰਘ ਭੁੱਲਰ ਆਦਿ ਹਾਜ਼ਰ ਸਨ।
ਕੈਪਟਨ ਅਮਰਿੰਦਰ ਸਿੰਘ ਮੁੱਦੇ ਨੂੰ ਲਟਕਾਉਣ ਲਈ ਅਪਣਾ ਰਹੇ ਅਣ-ਉਚਿਤ ਰਵੱਈਆ
ਸ਼ਰਮਾ ਨੇ ਕਿਹਾ ਕਿ ਸਰਕਾਰ ਸਿੱਧੇ ਤੇ ਅਸਿੱਧੇ ਤੌਰ ’ਤੇ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ, ਜਿਸ ਕਾਰਨ ਪਿਛਲੇ ਹਫਤੇ ਹੋਏ ਵਿਧਾਨ ਸਭਾ ਦੇ ਸੈਸ਼ਨ ਦੀ ਮਿਆਦ ਬਹੁਤ ਹੀ ਘੱਟ ਸਮੇਂ ਲਈ ਰੱਖੀ ਗਈ ਸੀ। ਸੱਤਾ ਧਿਰ ਕਾਂਗਰਸ ਅਤੇ ਮੁੱਖ ਵਿਰੋਧੀ ਪਾਰਟੀ ਦੇ ਸਾਰੇ ਵਿਧਾਇਕਾਂ ਵਲੋਂ ਲਗਾਤਾਰ 8 ਘੰਟੇ ਤਕ ਚੱਲੀ ਬਹਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦੋਸ਼ੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ, ਪਰ ਮੁੱਖ ਮੰਤਰੀ ਨੇ ਇਸ ਮੁੱਦੇ ਨੂੰ ਲਟਕਦਾਉਂਦੇ ਹੋਏ ਅਣ-ਉਚਿਤ ਰਵੱਈਆ ਵੀ ਅਪਣਾ ਰੱਖਿਆ ਸੀ।
ਸੁਰੇਸ਼ ਸ਼ਰਮਾ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਅਕਾਲੀ ਦਲ ਵਲੋਂ ਇਸ ਮੁੱਦੇ ਨੂੰ ਦਬਾਉਣ ਦਾ ਹਰ ਸੰਭਵ ਯਤਨ ਕੀਤਾ ਗਿਆ ਸੀ। ਹੁਣ 3 ਸਾਲ ਤੋਂ ਬਾਅਦ ਆਈ ਜਸਟਿਸ ਰਣਜੀਤ ਸਿੰਘ ਦੀ ਇਸ ਰਿਪੋਰਟ ਵਿਚ ਤੱਥਾਂ ਨੂੰ ਵੀ ਮੌਜੂਦਾ ਕੈਪਟਨ ਸਰਕਾਰ ਦੇ ਇਸ਼ਾਰੇ ’ਤੇ ਪਹਿਲਾਂ ਤੋਂ ਹੀ ਲੀਕ ਕਰ ਦਿੱਤਾ ਗਿਆ ਸੀ ਤਾਂ ਕਿ ਅਕਾਲੀਆਂ ਨੂੰ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਮਿਲ ਜਾਵੇ।