ਸੁਖਬੀਰ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਲਈ ਜ਼ਿੰਮੇਵਾਰ: ਬ੍ਰਹਮਪੁਰਾ
Thursday, Oct 01, 2020 - 12:56 AM (IST)
ਅੰਮ੍ਰਿਤਸਰ,(ਮਮਤਾ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਹੈ ਕਿ ਉਹ ਕਿਹੜੇ ਮੂੰਹ ਨਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਿਸਾਨ ਅੰਦੋਲਨ ਦੇ ਹੱਕ ’ਚ ਆਪਣੀ ਪਾਰਟੀ ਦੇ ਝੰਡੇ ਹੇਠ ਸੰਘਰਸ਼ ਦੀ ਸ਼ੁਰੂਆਤ ਕਰ ਰਹੇ ਹਨ , ਜਿਨ੍ਹਾਂ ਦਾ ਨਿਰਾਦਰ ਕਰਵਾਉਣ ਲਈ ਉਹ ਜ਼ਿੰਮੇਵਾਰ ਹਨ ।
ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਹਿੰਦੀ ਕਲਾ ਵਿਚ ਲਿਜਾਣ ਲਈ ਜ਼ਿੰਮੇਵਾਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਸਿੱਖ ਕੌਮ ਦਾ ਇੰਨਾ ਨੁਕਸਾਨ ਕੀਤਾ ਹੈ ਕਿ ਇਸ ਦੀ ਭਰਪਾਈ ਕਰਨ ਲਈ ਸਮਾਂ ਲੱਗੇਗਾ। ਸਿੱਖ ਨੌਜਵਾਨ ਪਤਿਤ ਹੋ ਰਿਹਾ ਹੈ। ਬਾਦਲਾਂ ਦਾ ਪੰਜਾਬ ’ਚ ਪੱਤਾ-ਪੱਤਾ ਵੈਰੀ ਹੋ ਗਿਆ ਹੈ। ਇਸ ਦਾ ਕਾਰਣ ਪੰਜਾਬ ਦੇ ਗੱਭਰੂਆਂ ਨੂੰ ਰੋਜ਼ਗਾਰ ਦੇਣ ਦੀ ਥਾਂ ਨਸ਼ੇ ਵੱਲ ਧੱਕਿਆ ਗਿਆ, ਬਰਗਾੜੀ ਕਾਂਡ ਇਨ੍ਹਾਂ ਵੇਲੇ ਵਾਪਰਿਆਂ ਪਰ ਅਸਲ ਦੋਸ਼ੀ ਫੜਨ ਦੀ ਥਾਂ ਸੌਦਾ ਸਾਧ ਨੂੰ ਪ੍ਰਫੁੱਲਿਤ ਕੀਤਾ। ਉਹ ਪੰਜਾਬ ਨੂੰ ਨਸ਼ੇੜੀ ਬਣਾਉਣ ਦੇ ਨਾਲ–ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਲਈ ਜ਼ਿੰਮੇਵਾਰ ਹੈ ਪਰ ਹੁਣ ਸਭ ਕੁਝ ਗਵਾ ਕੇ ਮੁੜ ਕਿਸਾਨੀ ਦਾ ਹੇਜ਼ ਦਿਖਾ ਰਿਹਾ ਹੈ, ਜਿਸ ਨੂੰ ਪੰਜਾਬ ਅਤੇ ਖਾਸ ਕਰਕੇ ਸਿੱਖ ਮੂੰਹ ਨਹੀਂ ਲਾਉਣਗੇ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਨੇ ਚੰਦ ਵੋਟਾਂ ਬਦਲੇ ਪੰਥ ’ਚੋਂ ਛੇਕੇ ਸੌਦਾ ਸਾਧ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕੀਤੇ ।