ਜਲੰਧਰ ਜ਼ਿਮਨੀ ਚੋਣ ’ਚ ਹੋਈ ਹਾਰ ’ਤੇ ਸੁਖਬੀਰ ਬਾਦਲ ਨੇ ਟਵੀਟ ਕਰ ਕਹੀ ਇਹ ਗੱਲ
Saturday, May 13, 2023 - 04:17 PM (IST)
ਜਲੰਧਰ(ਵੈੱਬ ਡੈਸਕ) : ਜਲੰਧਰ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ’ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਸ਼ੀਲ ਕੁਮਾਰ ਰਿੰਕੂ ਅਤੇ ਆਮ ਆਦਮੀ ਪਾਰਟੀ ਦੀ ਜਿੱਤ ’ਤੇ ਟਵੀਟ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਟਵੀਟ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਅਸੀਂ ਜਲੰਧਰ ਦੇ ਸਮੂਹ ਵੋਟਰ ਸਹਿਬਾਨਾਂ ਦਾ ਧੰਨਵਾਦ ਕਰਦੇ ਹੋਏ ਨਿਮਰਤਾ ਨਾਲ ਇਹ ਫਤਵਾ ਸਵੀਕਾਰ ਕਰਦੇ ਹਾਂ। ਇਸ ਦੇ ਨਾਲ ਹੀ ਚੋਣ ਜਿੱਤਣ ਵਾਲੇ ਸੁਸ਼ੀਲ ਕੁਮਾਰ ਰਿੰਕੂ ਅਤੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦੇ ਹੋਏ ਆਸ ਕਰਦੇ ਹਾਂ ਕਿ ਉਹ ਵੋਟਰਾਂ ਦੀਆਂ ਉਮੀਦਾਂ 'ਤੇ ਖਰੇ ਉਤਰਣਗੇ।
ਇਹ ਵੀ ਪੜ੍ਹੋ- ਭਰਾ ਸੁਸ਼ੀਲ ਰਿੰਕੂ ਦੀ ਜਿੱਤ 'ਤੇ ਨਹੀਂ ਰੁਕੇ ਭੈਣਾਂ ਦੇ ਹੰਝੂ, ਭਾਵੁਕ ਹੋਈਆਂ ਨੇ ਆਖੀਆਂ ਵੱਡੀਆਂ ਗੱਲਾਂ(ਵੀਡੀਓ)
ਸੁਖਬੀਰ ਬਾਦਲ ਨੇ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦਾ ਸਾਰੇ ਆਗੂ ਤੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਕੇਂਦਰ ਅਤੇ ਸੂਬਾ ਦੋਹਾਂ ਸਰਕਾਰਾਂ ਦੀਆਂ ਸ਼ਕਤੀਆਂ ਸਮੇਤ ਸਾਰੀਆਂ ਔਂਕੜਾਂ ਦੇ ਵਿਰੁੱਧ ਸਖ਼ਤ ਮਿਹਨਤ ਕਰ ਦਲੇਰੀ ਨਾਲ ਲੜਾਈ ਲੜੀ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ 'ਚ ਅਕਾਲੀ ਦਲ ਤੀਜੇ ਨੰਬਰ 'ਤੇ, ਖੜ੍ਹੀਆਂ ਹੋਈਆਂ ਵੱਡੀਆਂ ਚੁਣੌਤੀਆਂ
ਜ਼ਿਕਰਯੋਗ ਹੈ ਕਿ ਜਲੰਧਰ ਜ਼ਿਮਨੀ ਚੋਣ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ। 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ 60 ਹਜ਼ਾਰ ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ ਹੈ। ਸੁਸ਼ੀਲ ਕੁਮਾਰ ਰਿੰਕੂ ਨੂੰ 302097 ਵੋਟਾਂ ਪਈਆਂ ਹਨ ਜਦਕਿ ਕਰਮਜੀਤ ਕੌਰ ਨੂੰ 243450 ਵੋਟਾਂ ਹਾਸਲ ਹੋਈਆਂ। ਉਥੇ ਹੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸੁੱਖੀ 158354 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ ਅਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ 134706 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ। ਇਸ ਦੇ ਨਾਲ ਹੀ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਲੋਕ ਸਭਾ ਸੀਟ 'ਤੇ ਵੱਡੀ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।