ਪੰਜਾਬ ਯੂਨੀਵਰਸਿਟੀ 'ਚ VC ਦੀ ਨਿਯੁਕਤੀ ਨੂੰ ਲੈ ਕੇ ਹੋ ਰਹੇ ਵਿਤਕਰੇ ਬਾਰੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ

Tuesday, Jan 17, 2023 - 08:43 PM (IST)

ਪੰਜਾਬ ਯੂਨੀਵਰਸਿਟੀ 'ਚ VC ਦੀ ਨਿਯੁਕਤੀ ਨੂੰ ਲੈ ਕੇ ਹੋ ਰਹੇ ਵਿਤਕਰੇ ਬਾਰੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਿਟੀ ਵਿੱਚ ਸ਼ਰ੍ਹੇਆਮ ਫਿਰਕੂ ਵਿਤਕਰਾ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ 1947 ਤੋਂ ਅੱਜ ਤੱਕ ਇਕ ਵੀ ਸਿੱਖ ਚਿਹਰੇ ਨੂੰ ਵਾਈਸ ਚਾਂਸਲਰ ਨਿਯੁਕਤ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਹੁਣ ਜਦੋਂ ਮੌਜੂਦਾ ਵੀਸੀ ਦੇ ਅਸਤੀਫੇ ਕਾਰਨ ਵਾਈਸ ਚਾਂਸਲਰ ਦੀ ਆਸਾਮੀ ਖਾਲੀ ਹੋ ਗਈ ਹੈ ਤਾਂ ਕਿਸੇ ਯੋਗ ਤੇ ਪ੍ਰਮੁੱਖ ਸਿੱਖ ਵਿਦਵਾਨ ਨੁੰ ਵਾਈਸ ਚਾਂਸਲਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਹੀ ਅਰਥਾਂ ਵਿਚ ਮਾਣ ਮੱਤੇ ਵਿਦਵਾਨਾਂ ਦੀ ਪ੍ਰਤੀਕ ਤੇ ਪੰਜਾਬ ਦੇ ਮੌਜੂਦਾ ਸੱਭਿਆਚਾਰ ਪਛਾਣ ਹੈ ਜੋ ਪੰਜਾਬੀ ਬੋਲਦੇ ਇਲਾਕੇ ਵਜੋਂ ਸਥਾਪਿਤ ਕੀਤਾ ਗਿਆ ਸੀ।

ਭਾਰਤ ਦੇ ਉਪ ਰਾਸ਼ਟਰਪਤੀ, ਜੋ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੂੰ ਲਿਖੇ ਇਕ ਪੱਤਰ ਵਿੱਚ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਭਾਰਤ ਨੂੰ ਆਜ਼ਾਦ ਹੋਏ ਨੂੰ 76 ਸਾਲ ਹੋ ਚੁੱਕੇ ਹਨ ਤੇ ਇਹ ਯੂਨੀਵਰਸਿਟੀ ਜਿਸਦਾ ਨਾਂ ਸਿਰਫ਼ ਇਸਦੇ ਜਨਮ ਅਸਥਾਨ ਵਾਲੇ ਰਾਜ ਜਿਥੇ ਸਿੱਖੀ ਹੋਂਦ ਵਿੱਚ ਆਈ, ਦੇ ਨਾਂ ’ਤੇ ਰੱਖਿਆ ਗਿਆ, 'ਚ ਹੁਣ ਤੱਕ ਕਿਸੇ ਵੀ ਸਿੱਖ ਦੀ ਵਾਈਸ ਚਾਂਸਲਰ ਵਜੋਂ ਨਿਯੁਕਤੀ ਨਹੀਂ ਹੋਈ। ਬਾਦਲ ਨੇ ਕਿਹਾ  ਕਿ ਉਹਨਾਂ ਦੀ ਪਾਰਟੀ ਸਾਡੇ ਮਹਾਨ ਗੁਰੂ ਸਾਹਿਬਾਨ ਦੇ ਧਰਮ ਨਿਰਪੱਖ ਤੇ ਉਦਾਸ ਸੰਦੇਸ਼ ਦਾ ਪ੍ਰਤੀਕ ਹੈ ਅਤੇ ਕਿਸੇ ਵੀ ਤਰੀਕੇ ਦੇ ਫਿਰਕੂ ਵਿਤਕਰੇ ਦੇ ਖਿਲਾਫ਼ ਹੈ। ਉਹਨਾਂ ਕਿਹਾ ਕਿ ਸਾਡੀ ਸਿਰਫ਼ ਇਹ ਮੰਗ ਹੀ ਨਹੀਂ ਹੈ ਕਿ ਸਿੱਖਾਂ ਨੂੰ ਇਥੇ ਪ੍ਰਮੁੱਖ ਅਹੁਦਿਆਂ ’ਤੇ ਤਾਇਨਾਤ ਕੀਤਾ ਜਾਵੇ ਬਲਕਿ ਸਾਡਾ ਤਾਂ ਇਹ ਕਹਿਣਾ ਹੈ ਕਿ ਇਸ ਅਹਿਮ ਸੰਸਥਾ ਵਿਚ ਅਹਿਮ ਅਹੁਦਿਆਂ ਤੋਂ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਨਾਲ ਪਾਸੇ ਨਹੀਂ ਕੀਤਾ ਜਾਣਾ ਚਾਹੀਦਾ ਜੋ ਕਿ ਮੌਜੂਦਾ ਸਮੇਂ ਵਿਚ ਕੀਤਾ ਜਾ ਰਿਹਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਵਿਤਕਰਾ ਸਿਰਫ਼ ਵਾਈਸ ਚਾਂਸਲਰਾਂ ਦੀ ਨਿਯੁਕਤੀ ਵਿੱਚ ਹੀ ਨਹੀਂ ਹੋ ਰਿਹਾ ਬਲਕਿ ਉਹ ਹੇਠਲੇ ਪੱਧਰ  ਤੱਕ ਹੋ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਤਕ ਯੂਨੀਵਰਸਿਟੀ ਸੈਨੇਟ ਦੇ 36 ਮੈਂਬਰ ਨਾਮਜ਼ਦ ਹੋਏ ਹਨ ਜਿਹਨਾਂ ਵਿੱਚੋਂ ਸਿਰਫ਼ ਦੋ ਸਿੱਖ ਹਨ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿੱਚ 14 ਪ੍ਰਮੁੱਖ ਅਕਾਦਮਿਕ ਅਤੇ ਪ੍ਰਸ਼ਾਸਕੀ ਆਸਾਮੀਆਂ ਜਿਹਨਾਂ ਵਿੱਚ ਡੀਨਾ ਯੂਨੀਵਰਸਿਟੀ ਇੰਸਟ੍ਰਕਸ਼ਨਜ਼, ਕੰਟਰੋਲਰ ਪ੍ਰੀਖਿਆਵਾ, ਐਫ ਡੀ ਓ, ਐਸ ਵਾਈ ਸੀ, ਡੀਨ ਵਿਦਿਆਰਥੀ ਭਲਾਈ ਵੀ ਸ਼ਾਮਲ ਹਨ, ’ਤੇ ਇਕ ਵੀ ਸਿੱਖ ਨਿਯੁਕਤ ਨਹੀਂ ਹੈ। ਉਹਨਾਂ ਕਿਹਾ ਕਿ ਇਹ ਪਹਿਲੀ  ਵਾਰ ਹੋਇਆ ਹੈ ਕਿ ਨਾ ਤਾਂ ਯੂਨੀਵਰਸਿਟੀ ਦਾ ਰਜਿਸਟਰਾਰ ਸਿੱਖ ਹੈ ਤੇ ਨਾ ਹੀ ਵਾਈਸ ਚਾਂਸਲਰ ਸਿੱਖ ਹੈ। ਉਹਨਾਂ ਕਿਹਾ ਕਿ ਇਸ ਤੋਂ ਵੀ ਮਾੜੇ ਹਾਲਾਤ ਇਹ ਹੈ ਕਿ ਜਿਹਨਾਂ ਦੀ ਨਿਯੁਕਤੀ ਅਹਿਮ ਅਹੁਦਿਆਂ ’ਤੇ ਕੀਤੀ ਗਈ,  ਉਹ ਤਾਂ ਪੰਜਾਬੀ ਵੀ ਨਹੀਂ ਹਨ।

ਆਪਣੇ ਪੱਤਰ ਵਿੱਚ ਬਾਦਲ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਲਈ ਇਕ ਪ੍ਰੋਫੈਸ਼ਨਲ ਅਕਾਦਮਿਕ, ਬੌਧਿਕ ਤੇ ਸੱਭਿਆਚਾਰਕ ਰੂਹ ਤੇ ਅੰਤਰ ਆਤਮਾ ਵਜੋਂ ਸਥਾਪਿਤ ਕੀਤੀ ਗਈ ਸੀ ਜਿਸ ਵਾਸਤੇ ਸਦੀਆਂ ਤੋਂ ਗੁਰੂਆਂ ਪੀਰਾਂ ਦਾ ਇਕ ਜਨਮ ਅਸਥਾਨ ਤੇ ਸਿੱਖੀ ਦਾ ਧੁਰਾ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਕ ਪ੍ਰੋਫੈਸ਼ਨਲ, ਬੁੱਧੀਜੀਵੀ ਤੇ ਅਕਾਦਮਿਕ ਉਤਮਤਾ ਦੇ ਇੰਜਣ ਵਜੋਂ ਕੰਮ ਕਰਨ ਦੇ ਨਾਲ ਨਾਲ ਇਸ ਯੂਨੀਵਰਸਿਟੀ ਨੇ ਸਾਡੀ ਸਥਾਨਕ ਸਮਾਜਿਕ-ਧਾਰਮਿਕ ਅਤੇ ਸਭਿਆਚਾਰਕ ਪਛਾਣ ਵਾਸਤੇ ਕੰਮ ਕਰਨਾ ਸੀ । ਉਹਨਾਂ ਕਿਹਾ ਕਿ 1966 ਤੋਂ ਯੂਨੀਵਰਸਿਟੀ ਮਾਤ ਭਾਸ਼ਾ ਪੰਜਾਬੀ ਦੇ ਆਧਾਰ ’ਤੇ ਬਣਾਏ ਮੌਜੂਦਾ ਪੰਜਾਬ ਦੀ ਆਤਮਾ, ਮਨ ਤੇ ਜ਼ਮੀਰ ਰਹੀ ਹੈ। ਉਹਨਾਂ ਕਿਹਾ ਕਿ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਹੁਣ ਯੂਨੀਵਰਸਿਟੀ ਨਾਲ ਜੁੜੇ ਨਹੀਂ ਰਹਿ ਗਏ ਕਿਉਂਕਿ ਇਹਨਾਂ ਦਾ ਕੋਈ ਵੀ ਕਾਲਜ ਇਸਦਾ ਕੰਸਟੀਚਿਊਟ ਅਕਾਦਮਿਕ ਇਕਾਈ ਨਹੀਂ ਹੈ। 


author

Mandeep Singh

Content Editor

Related News