ਇਸਤਰੀ ਵਿੰਗ ਦਾ ਬੂਥ ਤੇ ਪਿੰਡ ਪੱਧਰ ’ਤੇ ਵਿਸਥਾਰ ਕਰਨ ਲਈ ਕਮੇਟੀਆਂ ਬਣਾਈਆਂ ਜਾਣਗੀਆਂ : ਸੁਖਬੀਰ ਬਾਦਲ
Monday, Jul 01, 2024 - 04:56 PM (IST)
ਚੰਡੀਗੜ੍ਹ : ਇਸਤਰੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ 'ਚ ਪੂਰਨ ਭਰੋਸਾ ਪ੍ਰਗਟਾਇਆ ਅਤੇ ਕਿਹਾ ਕਿ ਉਹ ਇਸ ਮੌਕੇ ਪਾਰਟੀ ਦੀ ਅਗਵਾਈ ਕਰਨ ਲਈ ਸਭ ਤੋਂ ਢੁੱਕਵੇਂ ਆਗੂ ਹਨ। ਇਸਤਰੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਦੌਰਾਨ ਪ੍ਰਭਾਵਸ਼ਾਲੀ ਮੁਹਿੰਮ ਚਲਾ ਕੇ ਪ੍ਰੇਰਿਤ ਕਰਨ ਵਾਲੀ ਲੀਡਰਸ਼ਿਪ ਦਿੱਤੀ।
ਮੈਂਬਰਾਂ ਨੇ ਕਿਹਾ ਕਿ ਇਸਤਰੀ ਅਕਾਲੀ ਦਲ ਨੇ ਔਰਤਾਂ ਤੱਕ ਪਹੁੰਚ ਕੀਤੀ ਅਤੇ ਬਠਿੰਡਾ 'ਚ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਸਖ਼ਤ ਮਿਹਨਤ ਕੀਤੀ, ਜਿਸ ਦਾ ਚੰਗਾ ਨਤੀਜਾ ਪਾਰਟੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਵੱਡੀ ਜਿੱਤ ਦੇ ਰੂਪ ਵਿਚ ਮਿਲਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਨੇ ਇਸਤਰੀ ਅਕਾਲੀ ਦਲ ਦੇ ਵਿਸਥਾਰ ਦੀ ਯੋਜਨਾ ਬਣਾਈ ਹੈ ਤਾਂ ਜੋ ਹਰ ਪਿੰਡ ਤੇ ਹਰ ਬੂਥ ਤੱਕ ਪਹੁੰਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਅਸੀਂ ਫ਼ੈਸਲਾ ਕੀਤਾ ਹੈ ਕਿ ਬੂਥ, ਪਿੰਡ, ਸਰਕਲ ਤੇ ਹਲਕਾ ਪੱਧਰ ’ਤੇ ਇਨ੍ਹਾਂ ਦੀਆਂ ਪ੍ਰਧਾਨਾਂ ਦੀ ਅਗਵਾਈ 'ਚ ਚੋਣਾਂ ਕਰਵਾਈਆਂ ਜਾਣ ਅਤੇ ਜ਼ਿਲ੍ਹਾ ਪੱਧਰ ’ਤੇ ਵੀ ਇਸਤਰੀ ਅਕਾਲੀ ਦਲ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵਿਚ ਪ੍ਰਭਾਵਸ਼ਾਲੀ ਮਹਿਲਾ ਲੀਡਰਸ਼ਿਪ ਪੈਦਾ ਕੀਤੀ ਜਾਵੇਗੀ ਤਾਂ ਜੋ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਮਹਿਲਾਵਾਂ ਲਈ ਰਾਖਵੀਂਆਂ ਸੀਟਾਂ ’ਤੇ ਮਜ਼ਬੂਤ ਉਮੀਦਵਾਰ ਖੜ੍ਹੇ ਕੀਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇਸਤਰੀ ਅਕਾਲੀ ਦਲ 2027 ਵਿਚ ਸੂਬੇ ਵਿਚ ਚੋਣਾਂ ਵਿਚ ਅਹਿਮ ਭੂਮਿਕਾ ਅਦਾ ਕਰੇਗੀ। ਸ. ਬਾਦਲ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਬੀਬੀ ਹਰਗੋਬਿੰਦ ਕੌਰ ਨੂੰ ਸੇਵਾਵਾਂ ਤੋਂ ਫ਼ਾਰਗ ਕਰਨ ਦੀ ਵੀ ਨਿਖ਼ੇਧੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਕਰ ਕੇ ਬਰਖ਼ਾਸਤ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਗਰੀਬ ਤੇ ਐੱਸ. ਸੀ. ਵਰਗ ਨਾਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਖ਼ਿਲਾਫ਼ ਔਰਤਾਂ ਨੂੰ ਲਾਮਬੱਧ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬੀਬੀ ਜੀ ਦੇ ਨਾਲ ਹੈ ਅਤੇ ਉਨ੍ਹਾਂ ਨੂੰ ਨਿਆਂ ਮਿਲਣ ਤੱਕ ਉਨ੍ਹਾਂ ਦੇ ਕੇਸ ਦੀ ਪੈਰਵੀ ਕੀਤੀ ਜਾਵੇਗੀ।