ਕੇਂਦਰ ਵੱਲੋਂ ਟੋਟਾ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾਉਣ ਨੂੰ ਲੈ ਕੇ ਬੋਲੇ ਸੁਖਬੀਰ ਬਾਦਲ, ‘ਕਿਸਾਨ ਵਿਰੋਧੀ ਹੈ ਇਹ ਕਦਮ’
Sunday, Sep 11, 2022 - 07:10 PM (IST)
ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਆਖਿਆ ਕਿ ਉਹ ਟੋਟਾ ਚੌਲ ਦੀ ਬਰਾਮਦ ’ਤੇ ਲਗਾਈ ਪਾਬੰਦੀ ਖ਼ਤਮ ਕਰੇ ਅਤੇ ਗ਼ੈਰ-ਬਾਸਮਤੀ ਚੌਲਾਂ ਦੀ ਬਰਾਮਦ ’ਤੇ ਲਗਾਈ ਡਿਊਟੀ ਵਾਪਸ ਲਵੇ। ਬਾਦਲ ਨੇ ਕਿਹਾ ਕਿ ਕਿਹਾ ਕਿ ਇਸ ਦਾ ਕਿਸਾਨਾਂ ’ਤੇ ਮਾਰੂ ਅਸਰ ਪਵੇਗਾ ਤੇ ਉਹ ਅਨਾਜ ਦੀਆਂ ਵੱਧ ਬਰਾਮਦ ਦਰਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਣਗੇ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਰਾਮਦ ’ਤੇ ਪਾਬੰਦੀ ਅਤੇ ਗ਼ੈਰ-ਬਾਸਮਤੀ ਚੌਲਾਂ ਦੀ ਬਰਾਮਦ ’ਤੇ 20 ਫੀਸਦੀ ਡਿਊਟੀ ਲਗਾਉਣ ਨਾਲ ਇਸ ਦੀ ਬਰਾਮਦ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ ਤੇ ਇਹ ਕਿਸਾਨ ਵਿਰੋਧੀ ਕਦਮ ਹਨ, ਜੋ ਤੁਰੰਤ ਵਾਪਸ ਲਏ ਜਾਣੇ ਚਾਹੀਦੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਮਈ ਮਹੀਨੇ ਵਿਚ ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾ ਕੇ ਵਿਸ਼ਵ ਪੱਧਰ ’ਤੇ ਕਣਕ ਦੀਆਂ ਵਧੀਆਂ ਕੀਮਤਾਂ ਦਾ ਲਾਭ ਲੈਣ ਤੋਂ ਕਿਸਾਨਾਂ ਨੂੰ ਵਾਂਝਾ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਝਾੜ ਘੱਟ ਨਿਕਲਣ ਕਾਰਨ ਪਏ ਘਾਟੇ ਨਾਲ ਨਜਿੱਠਣ ਲਈ ਵੱਧ ਕੀਮਤਾਂ ਦੀ ਕਿਸਾਨਾਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਗਰਮੀ ਦੇ ਹਾਲਾਤ ਕਾਰਨ ਦਾਣਾ ਸੁੰਗੜਨ ਨਾਲ ਝਾੜ ਬਹੁਤ ਘਟ ਗਿਆ ਸੀ।
ਇਹ ਵੀ ਪੜ੍ਹੋ : ASI ਸਤੀਸ਼ ਕੁਮਾਰ ਖ਼ੁਦਕੁਸ਼ੀ ਮਾਮਲੇ ’ਚ ਪੰਜਾਬ ਪੁਲਸ ਦੀ ਵੱਡੀ ਕਾਰਵਾਈ
ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਟੋਟਾ ਚੌਲ ਦੀ ਬਰਾਮਦ ਨਾਲ ਵਧੀਆਂ ਹੋਈਆਂ ਕੌਮਾਂਤਰੀ ਕੀਮਤਾਂ ਦਾ ਲਾਭ ਲੈਣ ਦਾ ਮੌਕਾ ਸੀ ਪਰ ਸਰਕਾਰ ਨੇ ਟੋਟਾ ਚੌਲ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ, ਜਦਕਿ ਨਾਲ ਹੀ ਬਹੁਤ ਜ਼ਿਆਦਾ ਡਿਊਟੀ ਵੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਡਵਾਰਫਿੰਗ ਬੀਮਾਰੀ ਦੀ ਮਾਰ ਪੈ ਰਹੀ ਹੈ, ਜਿਸ ਕਾਰਨ ਝੋਨਾ ਸਹੀ ਤਰੀਕੇ ਵਿਕਸਿਤ ਹੋਣ ਦੀ ਥਾਂ ਬੌਣਾ ਰਹਿ ਗਿਆ ਤੇ ਬੂਟੇ ਖ਼ਤਮ ਹੋ ਰਹੇ ਹਨ। ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਬਜਾਏ ਬਰਾਮਦਾਂ ’ਤੇ ਬੰਦਿਸ਼ਾਂ ਲਾਉਣ ਦੇ ਸਰਕਾਰ ਨੂੰ ਝੋਨੇ ਦੀ ਐੱਮ. ਐੱਸ. ਪੀ. ਵਿਚ ਵਾਧਾ ਕਰਨਾ ਚਾਹੀਦਾ ਹੈ, ਜਿਸ ਨਾਲ ਸਰਕਾਰੀ ਖਰੀਦ ਵੱਧ ਹੋਵੇਗੀ ਅਤੇ ਦੇਸ਼ ਦੀ ਅਨਾਜ ਸੁਰੱਖਿਆ ’ਚ ਸਹਾਇਤਾ ਮਿਲੇਗੀ।
ਇਹ ਵੀ ਪੜ੍ਹੋ : ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਤਿੰਨ ਮੈਂਬਰ ਕੀਤੇ ਕਾਬੂ
ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੇਸ਼ੀਨਗੋਈਆਂ ਤੋਂ ਉਲਟ ਚੌਲਾਂ ਦੀ ਕੀਮਤ ’ਚ ਵਾਧੇ ਨੇ ਪਿਛਲੇ ਮਹੀਨੇ ਖਪਤਕਾਰ ਸੂਚਕ ਅੰਕ ਵਿਚ ਸਿਰਫ 2 ਫੀਸਦੀ ਯੋਗਦਾਨ ਪਾਇਆ ਸੀ ਅਤੇ ਇਸਦੀਆਂ ਕੀਮਤਾਂ ਨੂੰ ਧੱਕੇ ਨਾਲ ਘਟਾਇਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਮਹਿੰਗਾਈ ਦਾ ਮੁੱਖ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਨਾਲ-ਨਾਲ ਸਬਜ਼ੀਆਂ ਦੀਆਂ ਕੀਮਤਾਂ ਚੋਖੀਆਂ ਹੋਣਾ ਹੈ ਤੇ ਇਨ੍ਹਾਂ ਦੋ ਮੁੱਦਿਆਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਬਾਦਲ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਦੇਸ਼ ’ਚ ਖੁੱਲ੍ਹੀ ਮੰਡੀ ਵਿਚ ਝੋਨੇ ਦਾ ਭਾਅ ਧੱਕੇ ਨਾਲ ਘਟਾਉਣਾ ਵੀ ਕਿਸਾਨਾਂ ਦੀ ਆਮਦਨ ਅਗਲੇ ਸਾਲ ਤੱਕ ਦੁੱਗਣੀ ਕਰਨ ਦੇ ਕੀਤੇ ਤਹੱਈਏ ਤੋਂ ਉਲਟ ਹੈ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਚੌਲਾਂ ਦੀ ਮੰਗ ’ਚ ਗਿਰਾਵਟ ਨਾਲ ਸਾਰੇ ਅਰਥਚਾਰੇ ਨੂੰ ਵੱਡਾ ਨਾਂਹ-ਪੱਖੀ ਝਟਕਾ ਲੱਗ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਾਰੇ ਅਰਥਚਾਰੇ ’ਤੇ ਖੇਤੀਬਾੜੀ ਖੇਤਰ ’ਚ ਨਾਂਹ ਪੱਖੀ ਵਿਕਾਸ ਦਾ ਅਸਰ ਪਿਆ ਤਾਂ ਕਿਸਾਨ ਤੇ ਖੇਤ ਮਜ਼ਦੂਰ ਸਭ ਤੋਂ ਵੱਧ ਮਾਰ ਝੱਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਮਲੇ ਵਿਚ ਖੇਤੀਬਾੜੀ ਖੇਤਰ ਪਹਿਲਾਂ ਹੀ ਸੰਕਟ ਵਿਚ ਹੈ ਕਿਉਂਕਿ ਜਿਥੇ ਕਿਸਾਨਾਂ ਨੂੰ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਘਾਟਾ ਪਿਆ ਹੈ, ਉਥੇ ਹੀ ਬਰਸਾਤਾਂ ਕਾਰਨ ਐਤਕੀਂ ਝੋਨੇ ਤੇ ਨਰਮੇ ਦੀ ਫਸਲ ਨੁਕਸਾਨੀ ਗਈ ਹੈ। ਇਸ ਮਗਰੋਂ ਰਹਿੰਦੀ-ਖੂੰਹਦੀ ਕਸਰ ਡਵਾਰਫਿੰਗ ਬੀਮਾਰੀ ਨੇ ਪੂਰੀ ਕਰ ਦਿੱਤੀ ਹੈ, ਜਿਸਦੀ ਆਮਦ ਨਾਲ ਝੋਨੇ ਦੇ ਬੂਟੇ ਦਾ ਵਿਕਾਸ 15 ਤੋਂ 20 ਫੀਸਦੀ ਘਟ ਗਿਆ ਹੈ ਤੇ ਬੂਟੇ ਟੁੱਟ ਕੇ ਹੇਠਾਂ ਡਿੱਗ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦਾ ਝਾੜ ਘਟਣ ’ਤੇ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਵਧੇ ਹੋਏ ਮੁੱਲ ਦਾ ਲਾਭ ਲੈਣ ਦਾ ਮੌਕਾ ਮਿਲਣਾ ਚਾਹੀਦਾ ਹੈ।