ਅਕਾਲੀ ਦਲ ਦੀ ਕੋਰ ਕਮੇਟੀ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ

Saturday, Mar 23, 2024 - 06:06 PM (IST)

ਅਕਾਲੀ ਦਲ ਦੀ ਕੋਰ ਕਮੇਟੀ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ

ਚੰਡੀਗੜ੍ਹ (ਮਨਜੋਤ ਸਿੰਘ) : ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਉਨ੍ਹਾਂ ਮੁੱਦਿਆਂ, ਨੀਤੀਆਂ ਅਤੇ ਸਿਧਾਂਤਾਂ ਨੂੰ ਉਜਾਗਰ ਕੀਤਾ, ਜਿਨ੍ਹਾਂ ਨੂੰ ਲੈ ਕੇ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ’ਚ ਫ਼ਤਵਾ ਲੈਣ ਲਈ ਪੰਜਾਬ ਦੇ ਲੋਕਾਂ ਕੋਲ ਜਾਵੇਗੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ’ਚ ਇਕ ਵਿਸ਼ੇਸ਼ ਮਤਾ ਪਾਸ ਕਰ ਕੇ ਕਿਹਾ ਕਿ ਪਾਰਟੀ ਲਈ ਸਾਡੇ ਸਿਧਾਂਤ ਰਾਜਨੀਤੀ ਤੋਂ ਉਪਰ ਹਨ ਅਤੇ ਇਹ ਕਦੇ ਵੀ ਖਾਲਸਾ ਪੰਥ, ਸਾਰੀਆਂ ਘੱਟ ਗਿਣਤੀਆਂ ਅਤੇ ਪੰਜਾਬੀਆਂ ਦੇ ਹਿੱਤਾਂ ਵਾਸਤੇ ਡੱਟਣ ਦੀ ਇਤਿਹਾਸਕ ਭੂਮਿਕਾ ਤੋਂ ਪਿੱਛੇ ਨਹੀਂ ਹਟੇਗੀ। ਨਾਲ ਹੀ ਇਹ ਆਪਣਾ ਸਾਰਾ ਜ਼ੋਰ ਸਰਬੱਤ ਦੇ ਭਲੇ ਦੇ ਸਿਧਾਂਤ ਮੁਤਾਬਕ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਕਰਨ ਤੇ ਸੰਭਾਲਣ ’ਤੇ ਵੀ ਲਗਾਉਣਾ ਜਾਰੀ ਰੱਖੇਗੀ। ਸਿੱਖਾਂ ਅਤੇ ਪੰਜਾਬੀਆਂ ਦੀ ਇਕਲੌਤੀ ਨੂਮਾਇੰਦਾ ਜਥੇਬੰਦੀ ਹੋਣ ਦੇ ਨਾਅਤੇ ਪਾਰਟੀ ਰਾਜਾਂ ਵਾਸਤੇ ਵੱਧ ਤਾਕਤਾਂ ਤੇ ਵਾਜ਼ਬ ਖੁਦਮੁਖ਼ਤਿਆਰੀ ਦੀ ਲੜਾਈ ਜਾਰੀ ਰੱਖੇਗੀ। ਅਸੀਂ ਕਦੇ ਵੀ ਇਨ੍ਹਾਂ ਹਿੱਤਾਂ ’ਤੇ ਸਮਝੌਤਾ ਨਹੀਂ ਕੀਤਾ ਤੇ ਨਾ ਹੀ ਭਵਿੱਖ ’ਚ ਇਨ੍ਹਾਂ ’ਤੇ ਚੌਕਸੀ ਵਿਚ ਕੋਈ ਘਾਟ ਆਉਣ ਦਿੱਤੀ ਜਾਵੇਗੀ। ਮਤੇ ’ਚ ਭਾਰਤ ਸਰਕਾਰ ਨੂੰ ਹੋਰ ਅਪੀਲ ਕੀਤੀ ਗਈ ਕਿ ਉਹ ਬੰਦੀ ਸਿੰਘਾਂ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਦੀ ਰਿਹਾਈ ਲਈ ਕੀਤੇ ਆਪਣੇ ਲਿਖ਼ਤੀ ਵਾਅਦੇ ਨੂੰ ਪੂਰਾ ਕਰੇ।

ਇਹ ਵੀ ਪੜ੍ਹੋ : ਵੋਟਰਾਂ ਲਈ ਅਹਿਮ ਖ਼ਬਰ : ਫੋਟੋ ਪਛਾਣ ਪੱਤਰ ਤੋਂ ਇਲਾਵਾ ਇਨ੍ਹਾਂ ਦਸਤਾਵੇਜ਼ਾਂ ਰਾਹੀਂ ਪਾਈ ਜਾ ਸਕਦੀ ਹੈ ਵੋਟ

 

ਮਤੇ ’ਚ ਕਿਹਾ ਗਿਆ ਕਿ ਅਕਾਲੀ ਦਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹੱਕਾਂ ਲਈ ਹਮੇਸ਼ਾ ਖੜ੍ਹਾ ਰਹੇਗਾ ਅਤੇ ਉਨ੍ਹਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋਣੇ ਚਾਹੀਦੇ ਹਨ। ਮਤੇ ਮੁਤਾਬਕ ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਲੋਕਤੰਤਰੀ ਜਥੇਬੰਦੀ ਹੈ। ਮਤੇ ’ਚ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਅਤੇ ਸੰਸਥਾਵਾਂ ਦੇ ਕੰਮਕਾਜ ’ਚ ਬੇਲੋੜੀਣੀ ਦਖਲਅੰਦਾਜ਼ੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਮਤੇ ’ਚ ਕਿਹਾ ਗਿਆ ਕਿ ਅਸੀਂ ਹਰਿਆਣਾ ’ਚ ਵੱਖਰੀ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦੀ ਸਖ਼ਤ ਨਿਖੇਧੀ ਕਰਦੇ ਹਾਂ। ਅਸੀਂ ਦਿੱਲੀ ਗੁਰਦੁਆਰਾ ਕਮੇਟੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀਆਂ ’ਤੇ ਕਬਜ਼ੇ ਕਰਨ ਦੀ ਵੀ ਨਿਖੇਧੀ ਕਰਦੇ ਹਾਂ।

ਇਹ ਵੀ ਪੜ੍ਹੋ :  25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਮਤੇ ’ਚ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਨਵੀਂ ਦਿੱਲੀ ਵਿਚ ਅਸਥਾਨ ਨੂੰ ਢਹਿ-ਢੇਰੀ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਇਸ ਦੀ ਮੁੜ ਉਸਾਰੀ ਵਾਸਤੇ ਵੱਖਰੀ ਥਾਂ ਅਲਾਟ ਕਰਨ ਦੀ ਮੰਗ ਕੀਤੀ। ਮਤੇ ’ਚ ਕਿਹਾ ਗਿਆ ਕਿ ਪਵਿੱਤਰ ਆਤਮਾ ਅਤੇ ਦੁਨੀਆ ਭਰ ’ਚ ਇਨ੍ਹਾਂ ਦੇ ਲੱਖਾਂ ਸ਼ਰਧਾਲੂਆਂ ’ਚ ਇਸ ਪਵਿੱਤਰ ਅਸਥਾਨ ਲਈ ਇਹ ਥਾਂ ਅਲਾਟ ਕਰਨ ਤੋਂ ਨਾਂਹ ਕਰਨਾ ਬਹੁਤ ਵੱਡਾ ਵਿਤਕਰਾ ਹੈ। ਕੋਰ ਕਮੇਟੀ ਨੇ ਜ਼ਮੀਨ ਰਾਹੀਂ ਹੋਰ ਮੁਲਕਾਂ ਨਾਲ ਵਪਾਰ ਦਾ ਰਾਹ ਖੋਲ੍ਹਣ ਵਾਸਤੇ ਅਟਾਰੀ ਅਤੇ ਫਿਰੋਜ਼ਪੁਰ ਸਰਹੱਦ ਖੋਲ੍ਹਣ ਦੀ ਮੰਗ ਕਰਦਿਆਂ ਆਖਿਆ ਕਿ ਪੰਜਾਬ ਸਾਰੇ ਪਾਸਿਓਂ ਘਿਰਿਆ ਸੂਬਾ ਹੈ, ਜਿਸ ਨੂੰ ਇਸ ਸਬੰਧ ’ਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਜਾਣੋ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਤੋਂ ਕਿਉਂ ਵਾਪਸ ਲਈ ਅਰਜ਼ੀ 

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Anuradha

Content Editor

Related News