ਸੁਖਬੀਰ ਬਾਦਲ ਦੀ ਕੇਂਦਰ ਨੂੰ ਅਪੀਲ, ਗ਼ੈਰ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਲਾਈ ਪਾਬੰਦੀ ਵਾਪਸ ਲਈ ਜਾਵੇ
Monday, Aug 19, 2024 - 04:15 PM (IST)
ਚੰਡੀਗੜ੍ਹ (ਮਨਜੋਤ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਨਾਲ-ਨਾਲ ਬਰਾਮਦਕਾਰਾਂ ਵਾਸਤੇ ਬਾਸਮਤੀ ਚੌਲਾਂ ਦੀ ਘੱਟੋ-ਘੱਟ ਬਰਾਮਦ ਕੀਮਤ (ਐੱਮ. ਈ. ਪੀ.) 950 ਡਾਲਰ ਪ੍ਰਤੀ ਟਨ ਤੋਂ ਘਟਾ ਕੇ 750 ਡਾਲਰ ਪ੍ਰਤੀ ਟਨ ਕਰੇ ਤਾਂ ਜੋ ਕਿਸਾਨਾਂ ਨੂੰ ਵੀ ਸਹੀ ਭਾਅ ਮਿਲ ਸਕੇ ਅਤੇ ਕੌਮਾਂਤਰੀ ਮੰਡੀ ਵਿਚ ਚੰਗੀ ਕਿਸਮ ਲਈ ਮੁਕਾਬਲਾ ਵੀ ਹੋ ਸਕੇ। ਸੁਖਬੀਰ ਨੇ ਕਿਹਾ ਕਿ ਭਾਵੇਂ ਇਸ ਸਾਲ ਕਿਸਾਨਾਂ ਨੂੰ ਬਾਸਮਤੀ ਦਾ ਚੰਗਾ ਝਾੜ ਹੋਣ ਦੀ ਆਸ ਹੈ ਪਰ ਇਸ ਦਾ ਲਾਭ ਉਦੋਂ ਤੱਕ ਕਿਸਾਨਾਂ ਨੂੰ ਨਹੀਂ ਮਿਲੇਗਾ, ਜਦੋਂ ਤੱਕ ਸਰਕਾਰ ਐੱਮ. ਈ. ਪੀ. ਦੀ ਸਮੀਖਿਆ ਨਹੀਂ ਕਰਦੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਵੱਡੇ ਹਸਪਤਾਲ 'ਚ ਲੀਕ ਹੋਈ ਗੈਸ, ਅਚਾਨਕ ਪੈ ਗਈਆਂ ਭਾਜੜਾਂ
ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਇਰਾਦੇ ਦੀ ਪੂਰਤੀ ਵਾਸਤੇ ਅਜਿਹਾ ਕਰਨਾ ਲਾਜ਼ਮੀ ਵੀ ਹੈ। ਬਰਾਮਦਕਾਰ ਕਿਸਾਨਾਂ ਤੋਂ ਇਸ ਸਾਲ ਬਾਸਮਤੀ ਖ਼ਰੀਦਣ ਦੇ ਹਾਲਾਤ ’ਚ ਨਹੀਂ ਹਨ ਕਿਉਂਕਿ ਪਿਛਲੇ 2 ਸਾਲਾਂ ਤੋਂ ਪਾਬੰਦੀਸ਼ੁਦਾ ਬਰਾਮਦ ਨੀਤੀਆਂ ਦੇ ਕਾਰਨ ਉਨ੍ਹਾਂ ਦੇ ਗੋਦਾਮ ਭਰੇ ਹੋਏ ਹਨ। ਉਦਯੋਗਪਤੀ ਵੀ ਮੌਜੂਦਾ ਐੱਮ. ਈ. ਪੀ. ’ਤੇ ਬਰਾਮਦ ਕਰਨ ਦੇ ਸਮਰੱਥ ਨਹੀਂ ਕਿਉਂਕਿ ਪਾਕਿਸਤਾਨ 750 ਡਾਲਰ ਪ੍ਰਤੀ ਟਨ ਦੀ ਦਰ ’ਤੇ ਬਰਾਮਦ ਕਰ ਰਿਹਾ ਹੈ।
ਇਹ ਵੀ ਪੜ੍ਹੋ : PGI ਆਉਣ ਵਾਲੇ ਮਰੀਜ਼ਾਂ ਲਈ ਖ਼ਾਸ ਖ਼ਬਰ, ਅੱਜ ਵੀ ਨਹੀਂ ਹੋਵੇਗੀ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ
ਇਸ ਨਾਲ ਕੌਮਾਂਤਰੀ ਬਾਸਮਤੀ ਮੰਡੀ ਪ੍ਰਭਾਵਿਤ ਹੋ ਰਹੀ ਹੈ ਤੇ ਅਨਿਸ਼ਚਿਤਤਾ ਦਾ ਮਾਹੌਲ ਬਣ ਰਿਹਾ ਹੈ। ਬਾਸਮਤੀ ’ਤੇ ਐੱਮ. ਈ. ਪੀ. ਦੀ ਸਮੀਖਿਆ ਨਾਲ ਬਰਾਮਦਾਂ ਨੂੰ ਹੁਲਾਰਾ ਮਿਲੇਗਾ ਅਤੇ ਇਸ ਨਾਲ ਦੇਸ਼ ’ਚ ਕੀਮਤਾਂ ਵਿਚ ਵੀ ਵਾਧਾ ਹੋਵੇਗਾ, ਜਿਸ ਦਾ ਲਾਭ ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਖਿੱਤੇ ਦੇ ਕਿਸਾਨਾਂ ਨੂੰ ਮਿਲੇਗਾ। ਸ. ਬਾਦਲ ਨੇ ਨਾਲ ਹੀ ਗ਼ੈਰ ਬਾਸਮਤੀ ਚੌਲਾਂ ਤੇ ਅੰਸ਼ਕ ਉੱਬਲੇ ਚੌਲਾਂ ਦੀ ਬਰਾਮਦ ’ਤੇ ਲਗਾਈ 20 ਫ਼ੀਸਦੀ ਡਿਊਟੀ ’ਤੇ ਲੱਗੀ ਪਾਬੰਦੀ ਖ਼ਤਮ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਬਾਸਮਤੀ ਤੇ ਗੈਰ ਬਾਸਮਤੀ ਚੌਲ ਦੋਵਾਂ ਕਿਸਮਾਂ ਦੀ ਬਰਾਮਦ ਦੀ ਆਗਿਆ ਦੇਣੀ ਚਾਹੀਦੀ ਹੈ ਅਤੇ ਕਿਸਾਨਾਂ ਦੀ ਭਲਾਈ ਵਾਸਤੇ ਮੌਜੂਦਾ ਪਾਬੰਦੀਆਂ ਖ਼ਤਮ ਕਰਨੀਆਂ ਚਾਹੀਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8