ਜਿੱਥੇ ਬਾਦਲ ਗਰਜੇ, ਉਸੇ ਥਾਂ ਵਰ੍ਹੇ ਢੀਂਡਸਾ, ਸੁਖਬੀਰ ''ਤੇ ਕੀਤੇ ਵੱਡੇ ਹਮਲੇ

Sunday, Feb 23, 2020 - 06:24 PM (IST)

ਜਿੱਥੇ ਬਾਦਲ ਗਰਜੇ, ਉਸੇ ਥਾਂ ਵਰ੍ਹੇ ਢੀਂਡਸਾ, ਸੁਖਬੀਰ ''ਤੇ ਕੀਤੇ ਵੱਡੇ ਹਮਲੇ

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਖਿਲਾਫ ਝੰਡਾ ਚੁੱਕਣ ਵਾਲੇ ਢੀਂਡਸਾ ਪਿਉ-ਪੁੱਤ ਵਲੋਂ ਅੱਜ ਸੰਗਰੂਰ ਵਿਖੇ ਰੈਲੀ ਕੀਤੀ ਗਈ। ਢੀਂਡਸਿਆਂ ਵਲੋਂ ਉਸੇ ਜਗ੍ਹਾ ਰੈਲੀ ਕੀਤੀ ਗਈ ਜਿੱਥੇ ਕੁਝ ਦਿਨ ਪਹਿਲਾਂ ਬਾਦਲ ਧੜੇ ਵਲੋਂ ਰੈਲੀ ਕੀਤੀ ਗਈ ਸੀ। ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਢੀਂਡਸਾ ਤੋਂ ਇਲਾਵਾ ਅਕਾਲੀ ਦਲ ਟਕਸਾਲੀ ਦੀ ਸਮੁੱਚੀ ਲੀਡਰਸ਼ਿਪ ਵੀ ਰੈਲੀ 'ਚ ਮੌਜੂਦ ਰਹੀ। ਰੈਲੀ ਦੌਰਾਨ ਬੋਲਦਿਆਂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਸਾਰੀ ਸਿੱਖ ਕੌਮ ਨੂੰ ਦਾਅ 'ਤੇ ਲਗਾ ਦਿੱਤਾ ਹੈ। ਇਸ ਦੌਰਾਨ ਪਰਮਿੰਦਰ ਢੀਂਡਸਾ ਵਲੋਂ ਸੰਗਲਾਂ ਨਾਲ ਬੰਨ੍ਹੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਆਜ਼ਾਦ ਕੀਤਾ ਗਿਆ। 

PunjabKesari

ਸੰਬੋਧਨ ਦੌਰਾਨ ਢੀਂਡਸਾ ਨੇ ਕਿਹਾ ਕਿ ਬਾਦਲ ਉਨ੍ਹਾਂ 'ਤੇ ਕਾਂਗਰਸ ਨਾਲ ਮਿਲੇ ਹੋਣ ਦਾ ਦੋਸ਼ ਲਗਾ ਰਹੇ ਹਨ ਪਰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਕਾਂਗਰਸ ਨਾਲ ਕੌਣ ਰਲਿਆ ਹੋਇਆ ਹੈ। ਸਾਰਾ ਪੰਜਾਬ ਜਾਣਦਾ ਹੈ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਕੇਸ ਕਾਂਗਰਸ ਨੇ ਕਿਸ ਦੇ ਕਹਿਣ 'ਤੇ ਠੱਪ ਕੀਤੇ ਹਨ। ਪੰਜਾਬ ਦੇ ਲੋਕ ਜਾਣਦੇ ਹਨ ਕਿ ਇਹ ਦੋਵੇਂ ਪਰਿਵਾਰ ਇਕ ਦੂਜੇ ਦੀ ਪਿੱਠ-ਠੋਕਦੇ ਹਨ। ਇਨ੍ਹਾਂ ਦੋਵਾਂ ਪਰਿਵਾਰਾਂ ਨੇ ਪੰਜਾਬ 'ਤੇ 25 ਸਾਲ ਰਾਜ ਕੀਤਾ ਹੈ, ਇਸੇ ਦਾ ਨਤੀਜਾ ਹੈ ਨਾ ਕਾਂਗਰਸ 'ਚ ਕਿਸੇ ਦੀ ਚੱਲਦੀ ਹੈ ਅਤੇ ਨਾ ਅਕਾਲੀ ਦਲ 'ਚ। 

ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦੀ ਸਹੀ ਅਗਵਾਈ ਕੌਣ ਕਰ ਸਕਦਾ ਹੈ ਇਸ ਦਾ ਫੈਸਲਾ ਲੋਕਾਂ ਨੂੰ ਕਰਨਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਸੱਚੇ ਲੋਕਾਂ ਦੀ ਲੋੜ ਜਿਹੜੇ ਧਰਮ ਪ੍ਰਤੀ ਸੇਵਾ ਭਾਵਨਾ ਰੱਖਦੇ ਹੋਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੋਬਾਰਾ ਬਹਾਲ ਹੋਣੀ ਚਾਹੀਦੀ ਹੈ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਚੋਣਾਂ ਕਿਸੇ ਵੇਲੇ ਵੀ ਕਰਵਾਉਣ ਦੀ ਗੱਲ ਆਖ ਰਹੇ ਹਨ ਜੇ ਅਜਿਹਾ ਹੈ ਤਾਂ ਅਕਾਲੀ ਦਲ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਲਈ ਮਤਾ ਪਾਸ ਕਰਵਾਉਣ ਅਤੇ ਕੇਂਦਰ ਨੂੰ ਭੇਜਣ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣੀ ਰੈਲੀ ਵਿਚ ਢੀਂਡਸਾ ਪਰਿਵਾਰ ਦੇ ਭੋਗ ਪਾਉਣ ਦੀ ਗੱਲ ਕਰਕੇ ਗਏ ਸਨ, ਇਸ ਤੋਂ ਉਨ੍ਹਾਂ ਦੀ ਸੋਚ ਜ਼ਾਹਰ ਹੁੰਦੀ ਹੈ ਪਰ ਉਹ ਪ੍ਰਕਾਸ਼ ਸਿੰਘ ਬਾਦਲ ਦੀ ਲੰਮੀ ਉਮਰ ਮੰਗਦੇ ਹਨ ਤਾਂ ਜੋ ਉਹ ਦੇਖ ਸਕਣ ਕਿ ਲੋਕਾਂ ਦੀ ਫੈਸਲਾ ਕੀ ਹੋਵੇਗਾ। ਅੱਗੇ ਬੋਲਦੇ ਹੋਏ ਢੀਂਡਸਾ ਨੇ ਕਿਹਾ ਕਿ ਸਾਡੇ ਤੋਂ ਵੀ ਗਲਤੀਆਂ ਹੋਈਆਂ, ਜਿਹੜਾ ਫੈਸਲਾ ਅਸੀਂ ਹੁਣ ਲਿਆ ਉਹ ਪਹਿਲਾਂ ਲੈਣਾ ਚਾਹੀਦਾ ਸੀ, ਇਸ ਲਈ ਉਹ ਸੰਗਤ ਤੋਂ ਮੁਆਫੀ ਮੰਗਦੇ ਹਨ। ਢੀਂਡਸਾ ਨੇ ਕਿਹਾ ਕਿ ਬਾਦਲਾਂ ਖਿਲਾਫ ਸ਼ੁਰੂ ਕੀਤੀ ਲੜਾਈ ਤੋਂ ਉਹ ਪਿੱਛੇ ਨਹੀਂ ਹਟਣਗੇ।


author

Gurminder Singh

Content Editor

Related News