ਸ਼ਰਾਬ ਠੇਕੇਦਾਰ ਦੀ ਗੁੰਡਾਗਰਦੀ ਦੇ ਸ਼ਿਕਾਰ NRI ਪਰਿਵਾਰ ਨੂੰ ਮਿਲੇ ਸੁਖਬੀਰ ਬਾਦਲ

11/10/2022 1:33:04 AM

ਅੰਮ੍ਰਿਤਸਰ (ਛੀਨਾ) : ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਏ ਐੱਨ. ਆਰ. ਆਈ. ਪਰਿਵਾਰ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਮਿਲੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਪੱਖੋਂ ਮਦਦ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : 2025 ਤਕ ਟੀ. ਬੀ. ਮੁਕਤ ਹੋਵੇਗਾ ਪੰਜਾਬ : ਕੈਬਨਿਟ ਮੰਤਰੀ ਜੌੜਾਮਾਜਰਾ

ਇਸ ਮੌਕੇ ਐੱਨ. ਆਰ. ਆਈ. ਜਸਕਿਰਨ ਕੌਰ ਸੰਧੂ ਤੇ ਕੰਵਰਦੀਪ ਸਿੰਘ ਰੰਧਾਵਾ ਕੋਲੋਂ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 4 ਨਵੰਬਰ ਨੂੰ ਹੋਟਲ ’ਚ ਪਾਰਟੀ ਕਰ ਰਹੇ ਐੱਨ. ਆਰ. ਆਈ. ਪਰਿਵਾਰ ’ਤੇ ਹਮਲਾ ਕਰਨ ਵਾਲੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਦੇ ਨਾਲ-ਨਾਲ ਪੁਲਸ ਵਲੋਂ ਜੋ ਇਸ ਪੀੜਤ ਪਰਿਵਾਰ ’ਤੇ ਵੀ ਕਰਾਸ ਪਰਚਾ ਦਰਜ ਕੀਤਾ ਗਿਆ ਹੈ ਉਹ ਬਹੁਤ ਹੀ ਨਿੰਦਣਯੋਗ ਗੱਲ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ’ਤੇ ਪਰਚਾ ਦਰਜ ਹੋਵੇ ਇਹ ਤਾਂ ਗੱਲ ਸਮਝ ’ਚ ਆਉਂਦੀ ਹੈ ਪਰ ਉਲਟਾ ਪੀੜਤ ਪਰਿਵਾਰ ’ਤੇ ਹੀ ਪਰਚਾ ਦਰਜ ਕਰ ਦਿੱਤਾ ਜਾਵੇ, ਇਹ ਤਾਂ ਸਰਾਸਰ ਧੱਕਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਵਿਦੇਸ਼ ਤੋਂ ਪੰਜਾਬ ਆਇਆ ਇਹ ਐੱਨ. ਆਰ. ਆਈ. ਪਰਿਵਾਰ ਸਾਡਾ ਪੰਜਾਬੀਆਂ ਦਾ ਮਹਿਮਾਨ ਹੈ, ਜਿਸ ਨੂੰ ਪੰਜਾਬ ਸਰਕਾਰ ਜਲਦ ਇਨਸਾਫ਼ ਦੇਵੇ ਨਹੀਂ ਤਾਂ ਇਸ ਘਟਨਾ ਦਾ ਬਾਕੀ ਐੱਨ. ਆਰ. ਆਈਜ਼ ’ਤੇ ਵੀ ਬਹੁਤ ਬੁਰਾ ਪ੍ਰਭਾਵ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੀਡ਼ਤ ਪਰਿਵਾਰ ਦੇ ਪੂਰੀ ਤਰ੍ਹਾਂ ਨਾਲ ਹੈ ਤੇ ਲੋਡ਼ ਪਈ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਵਿੱਢਣ ਤੋਂ ਵੀ ਪਿੱਛੇ ਨਹੀ ਹਟਾਂਗੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੂੰ ਐੱਨ. ਆਰ. ਆਈ. ਪਰਿਵਾਰ ਦੀ ਤਕੜੇ ਹੋ ਕੇ ਹਰ ਸੰਭਵ ਮਦਦ ਕਰਨ ਲਈ ਪ੍ਰੇਰਦਿਆਂ ਆਖਿਆ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ’ਚ ਕੋਈ ਕਸਰ ਬਾਕੀ ਨਾ ਰਹੇ, ਜਿਥੇ ਵੀ ਮੇਰੀ ਲੋੜ ਮਹਿਸੂਸ ਹੋਵੇ, ਮੈਨੂੰ ਦੱਸ ਦਿਓ ਮੈਂ ਉਸੇ ਵਕਤ ਹਾਜ਼ਰ ਹੋਵਾਂਗਾ।


Mandeep Singh

Content Editor

Related News