ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਘਰ ਪੁੱਜੇ ਸੁਖਬੀਰ ਬਾਦਲ, ''ਆਪ'' ਸਰਕਾਰ ''ਤੇ ਵਿੰਨ੍ਹੇ ਨਿਸ਼ਾਨੇ
Friday, Jun 09, 2023 - 10:35 PM (IST)
ਪਟਿਆਲਾ (ਮਨਦੀਪ ਸਿੰਘ ਜੋਸਨ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦਾ ਖਜ਼ਾਨਾ ਦੂਜੇ ਰਾਜਾਂ ਅੰਦਰ ਲੁਟਾ ਕੇ ਪੰਜਾਬ ਨੂੰ ਕੰਗਾਲ ਬਣਾ ਰਹੀ ਹੈ। ਸੁਖਬੀਰ ਬਾਦਲ ਅੱਜ ਇੱਥੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਰਿਹਾਇਸ਼ 'ਤੇ ਇੱਕ ਸਮਾਗਮ ਦੌਰਾਨ ਗੱਲਬਾਤ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਸ਼ੈਰੀ ਮਾਨ ਨੇ ਕੀਤਾ ਗਾਇਕੀ ਛੱਡਣ ਦਾ ਫ਼ੈਸਲਾ! ਸੋਸ਼ਲ ਮੀਡੀਆ 'ਤੇ ਲਿਖੀਆਂ ਇਹ ਗੱਲਾਂ
ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮੁੱਖ ਮੰਤਰੀ ਨੂੰ ਪੰਜਾਬ ਨਾਲ ਪਿਆਰ ਨਹੀਂ। ਉਹ ਦੂਜੇ ਰਾਜਾਂ ਅੰਦਰ ਪੰਜਾਬ ਦੇ ਪੈਸੇ 'ਤੇ ਐਸ਼ ਕਰਦਾ ਫਿਰ ਰਿਹਾ ਹੈ। ਉਨ੍ਹਾਂ ਆਖਿਆ ਕਿ ਹਰਿਆਣਾ ਅੰਦਰ ਜਾਕੇ ਬਿਜਲੀ ਫਰੀ ਕਰ ਦੇਣ ਦੇ ਦਾਅਵੇ ਕਰਨ ਵਾਲੇ ਨੇਤਾ ਦੱਸਣ ਕਿ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਕਿਉਂ ਦਿੱਤਾ। ਉਨ੍ਹਾਂ ਆਖਿਆ ਕਿ ਜੇਕਰ ਭਗਵੰਤ ਮਾਨ ਹਰਿਆਣਾ ਅੰਦਰ ਜਾਕੇ ਵਾਅਦੇ ਕਰਦਾ ਹੈ ਤਾਂ ਉਹ ਪੰਜਾਬ ਦੇ ਹੱਕਾਂ ਲਈ ਕਿਸ ਤਰ੍ਹਾਂ ਲੜੇਗਾ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਦੇ ਕਿਸਾਨਾਂ ਦੀ ਇਕ ਵੀ ਮੰਗ ਪੂਰੀ ਨਹੀਂ ਹੋਈ, ਜਿਸ ਕਾਰਨ ਅੱਜ ਕਿਸਾਨ ਪਾਵਰਕਾਮ ਦਾ ਦਫ਼ਤਰ ਘੇਰ ਕੇ ਬੈਠੇ ਹਨ। ਉਨ੍ਹਾਂ ਆਖਿਆ ਕਿ ਸਾਡੀ ਪਾਰਟੀ ਪੂਰੀ ਤਰ੍ਹਾਂ ਡਟਕੇ ਕਿਸਾਨਾਂ ਨਾਲ ਖੜੀ ਹੈ। ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤਾਂ ਕਿਸਾਨਾਂ ਨੂੰ ਧਰਨੇ ਲਗਾਉਣ ਦਾ ਚਾਅ ਨਹੀਂ।
ਇਹ ਖ਼ਬਰ ਵੀ ਪੜ੍ਹੋ - SGPC ਚੋਣਾਂ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੂੰ ਝਟਕਾ! ਮੁੜ ਇਕਜੁੱਟ ਹੋ ਸਕਦੈ ਸ਼੍ਰੋਮਣੀ ਅਕਾਲੀ ਦਲ
ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਿਨੋਂ ਦਿਨ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਪੰਜਾਬ ਅੰਦਰ ਆਪਣੀ ਸਰਕਾਰ ਬਣਾਵੇਗਾ। ਉਨ੍ਹਾਂ ਆਖਿਆ ਕਿ ਸਰਕਾਰ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ, ਸਾਰੀਆਂ ਗੱਲਾਂ ਹਵਾ ਹਵਾਈ ਹਨ। ਰੱਖੜਾ ਨੇ ਆਖਿਆ ਕਿ ਆਉਣ ਵਾਲੇ ਸਮੇਂ ਅੰਦਰ ਅਕਾਲੀ ਦਲ ਕਿਸਾਨਾਂ ਤੇ ਲੋਕਾਂ ਦੇ ਹੱਕ ਵਿਚ ਵੱਡਾ ਸੰਘਰਸ਼ ਉਲੀਕੇਗਾ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਜਸਪਾਲ ਸਿੰਘ ਬਿੱਟੂ ਚੱਠਾ, ਸਾਬਕਾ ਚੇਅਰਮੈਨ ਇੰਦਰ ਮੋਹਨ ਸਿੰਘ ਬਜਾਜ ਅਤੇ ਹੋਰਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ। ਇਸ ਮੌਕੇ ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਸਾਬਕਾ ਚੇਅਰਮੈਨ ਇੰਦਰ ਮੋਹਨ ਸਿੰਘ ਬਜਾਜ, ਰਾਜੂ ਖੰਨਾ ਹਲਕਾ ਇੰਚਾਰਜ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।