ਸੁਖਬੀਰ ਬਾਦਲ ਦੇ ਕਾਂਗਰਸ ’ਤੇ ਤਿੱਖੇ ਨਿਸ਼ਾਨੇ, ਕੀਤਾ ਵੱਡਾ ਦਾਅਵਾ

Wednesday, Feb 09, 2022 - 02:55 PM (IST)

ਸੁਖਬੀਰ ਬਾਦਲ ਦੇ ਕਾਂਗਰਸ ’ਤੇ ਤਿੱਖੇ ਨਿਸ਼ਾਨੇ, ਕੀਤਾ ਵੱਡਾ ਦਾਅਵਾ

ਸ੍ਰੀ ਹਰਗੋਬਿੰਦਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਅਤੇ ‘ਆਪ’ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ10 ਤੋਂ 12 ਸੀਟਾਂ, ਆਮ ਆਦਮੀ ਪਾਰਟੀ ਨੂੰ 10 ਤੋਂ ਵੀ ਘੱਟ ਸੀਟਾਂ ਅਤੇ ਅਕਾਲੀ-ਬਸਪਾ ਗਠਜੋੜ ਨੂੰ 80 ਤੋਂ ਵਧੇਰੇ ਸੀਟਾਂ ਆਉਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਸਪਾ ਸਰਕਾਰ ਬਣਨ ’ਤੇ ਉਨ੍ਹਾਂ ਦੇ 2 ਮੁੱਖ ਟੀਚੇ ਰਹਿਣਗੇ, ਇਕ ਸਰਕਾਰੀ ਸਕੂਲਾਂ ਦਾ ਢਾਂਚਾ ਬਦਲਣਾ ਅਤੇ ਦੂਸਰਾ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰਨੀ। 

ਇਹ ਵੀ ਪੜ੍ਹੋ : ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲੀਭੁਗਤ ਕਰਕੇ ਲੜ ਰਹੇ ਹਨ ਚੋਣਾਂ : ਹਰਸਿਮਰਤ ਬਾਦਲ

ਕਾਂਗਰਸ ਪਾਰਟੀ ’ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਮੁੱਖ ਮੰਤਰੀ ਨੂੰ ਕਾਂਗਰਸ ਨੇ ਆਪਣਾ ਨਵਾਂ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ ਉਸ ਦੇ ਭਾਣਜੇ ਦੇ ਘਰੋਂ ਈ.ਡੀ. ਵਲੋਂ ਛਾਪੇਮਾਰੀ ਕਰਕੇ 10 ਕਰੋੜ ਰੁਪਏ ਰੇਤ ਮਾਫੀਆ ਦਾ ਬਰਾਮਦ ਕੀਤਾ ਗਿਆ। ਬਾਦਲ ਨੇ ਕਿਹਾ ਕਿ ਜੇਕਰ ਚੰਨੀ ਨੇ 3 ਮਹੀਨਿਆਂ ’ਚ ਹੀ ਪੰਜਾਬ ਨੂੰ ਇੰਨਾ ਲੁੱਟ ਲਿਆ ਹੈ ਤਾਂ ਉਹ ਆਉਣ ਵਾਲੇ ਸਮੇਂ ’ਚ ਪੰਜਾਬ ਨੂੰ ਕਿੰਨਾ ਲੁੱਟੇਗਾ? ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਪਹਿਲਾਂ 4 ਸਾਲ ਕੈਪਟਨ ਵਰਗੇ ਮੁੱਖ ਮੰਤਰੀ ਨੇ ਬਰਮਾਦ ਕੀਤਾ ਅਤੇ ਹੁਣ ਮੌਜੂਦਾ ਮੁੱਖ ਮੰਤਰੀ ਚੰਨੀ ਬਰਬਾਦ ਕਰ ਰਿਹਾ ਹੈ।ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਸਾਰੇ ਝੂਠੇ ਕੇਸ ਰੱਦ ਕੀਤੇ ਜਾਣਗੇ ਅਤੇ ਜਿਹੜੇ ਅਫ਼ਸਰਾਂ ਨੇ ਝੂਠੇ ਕੇਸ ਕੀਤੇ ਹਨ ਉਨ੍ਹਾਂ ਨੂੰ ਨੌਕਰੀਆਂ ਤੋਂ ਕੱਢ ਕੇ ਜੇਲ੍ਹ ਭੇਜਿਆ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿਕਾਸ ਲਈ ਜਿਹੜੀਆਂ ਸਕੀਮਾਂ ਲਾਗੂ ਕੀਤੀਆਂ ਸਨ ਚਾਹੇ ਉਹ ਸ਼ਗਨ ਸਕੀਮ, ਭਾਈ ਕਨੱਈਆ ਸਕੀਮ, ਪ੍ਰਧਾਨ ਮੰਤਰੀ ਤੀਰਥ ਯਾਤਰਾ ਆਦਿ ਸਾਰੀਆਂ ਕਾਂਗਰਸ ਨੇ ਆਉਂਦੇ ਹੀ ਬੰਦ ਕਰਵਾ ਦਿੱਤੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ 5 ਸਾਲ ਖ਼ਰਾਬ ਕੀਤੇ ਹਨ।

ਇਹ ਵੀ ਪੜ੍ਹੋ : CM ਚੰਨੀ ਦੇ ਜਾਇਦਾਦ ਨਾ ਖ਼ਰੀਦਣ ਵਾਲੇ ਬਿਆਨ 'ਤੇ ਰਾਘਵ ਚੱਢਾ ਨੇ ਚੁੱਕੇ ਵੱਡੇ ਸਵਾਲ 

ਬਾਦਲ ਨੇ ਈਸਾਈ ਅਤੇ ਮੁਸਲਿਮ ਭਾਈਚਾਰੇ ਨੂੰ ਕਬਰਿਸਤਾਨ ਲਈ ਜ਼ਮੀਨ ਅਲਾਟ ਕਰਵਾਉਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਕੁੜੀਆਂ ਲਈ 10 ਫ਼ੀਸਦੀ ਸੀਟਾਂ ਸਰਕਾਰੀ ਨੌਕਰੀ ਲਈ ਰਾਖਵੀਆਂ ਰੱਖੀਆਂ ਜਾਣਗੀਆਂ। ਪੁਲਸ ਮੁਲਾਜ਼ਮਾਂ ਦਾ ਪੇਅ ਸਕੇਲ ਲਾਗੂ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ 2004 ਦੀਆਂ ਪੈਨਸ਼ਨ ਦੀਆਂ ਮੰਗਾਂ ਨੂੰ ਵੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੇ ਹਨ ਪੰਜਾਬ ਸਰਕਾਰ ਉਨ੍ਹਾਂ ਨੂੰ 10 ਲੱਖ ਰੁਪਏ ਦਾ ਚੈੱਕ ਸਿੱਧਾ ਯੂਨੀਵਰਸਿਟੀ ਨੂੰ ਭੇਜੇਗੀ। ਕੋਈ ਵੀ ਪੰਜਾਬ ਦਾ ਨੌਜਵਾਨ ਕੁੜੀਆਂ ਮੁੰਡੇ ਜਿਨ੍ਹਾਂ ਨੇ ਆਪਣਾ ਕੰਮ ਖੋਲ੍ਹਣਾ ਹੈ, ਉਨ੍ਹਾਂ ਨੂੰ ਬਿਨ੍ਹਾਂ ਵਿਆਜ਼ ਤੋਂ 5 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ। 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

Anuradha

Content Editor

Related News