ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਘਰ ਵਿਚ ਰਹਿਣਗੇ ਏਕਾਂਤਵਾਸ ਵਿਚ
Thursday, Mar 25, 2021 - 01:03 AM (IST)
ਜਲੰਧਰ (ਇੰਟ.)- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਤੋਂ ਬੁੱਧਵਾਰ ਛੁੱਟੀ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਦੀ 16 ਮਾਰਚ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਪਿੱਛੋਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸੂਤਰਾਂ ਮੁਤਾਬਕ ਸੁਖਬੀਰ ਬਾਦਲ ਹੁਣ ਸਿਹਤ ਵਿਚ ਕਾਫੀ ਵਧੀਆ ਮਹਿਸੂਸ ਕਰ ਰਹੇ ਹਨ ਪਰ ਫਿਲਹਾਲ ਉਹ ਆਪਣੇ ਦਿੱਲੀ ਸਥਿਤ ਘਰ ਵਿਚ ਹੀ ਏਕਾਂਤਵਾਸ ਵਿਚ ਰਹਿਣਗੇ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਲੈ ਕੇ ਕਾਂਗਰਸ ’ਚ ਫਿਰ ਫਸਿਆ ਪੇਚ, ਕੀਤੇ ਟਵੀਟ ਨੇ ਛੇੜੀ ਨਵੀਂ ਚਰਚਾ
ਸੁਖਬੀਰ ਬਾਦਲ ਤੋਂ ਬਾਅਦ ਉਨ੍ਹਾਂ ਰਿਹਾਇਸ਼ ਵਿਚ ਤਾਇਨਾਤ 4 ਘਰੇਲੂ ਸੇਵਕ ਅਤੇ ਇਕ ਸਬ ਇੰਸਪੈਕਟਰ ਜੋ ਕਿ ਉਥੇ ਤਾਇਨਾਤ ਸੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੀ ਦਿੱਲੀ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਏਕਾਂਤਵਾਸ ਵਿਚ ਹਨ। ਉਨ੍ਹਾਂ ਨੇ ਹਫਤੇ ਵਿਚ 2 ਵਾਰ ਕੋਰੋਨਾ ਟੈਸਟ ਕਰਵਾਇਆ ਜੋ ਕਿ ਦੋਵੇਂ ਵਾਰ ਨੈਗੇਟਿਵ ਆਇਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਟਵੀਟ ਕਰਕੇ ਖ਼ੁਦ ਦੇ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਆਪਣੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਵੀ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਸੀ। ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਇਸ ਤੋਂ ਬਾਅਦ ਬੀਤੇ ਦਿਨ ਹੀ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਸੀ ਪਰ ਬਾਅਦ ਵਿਚ ਸੁਖਬੀਰ ਬਾਦਲ ਨੂੰ ਦਿੱਲੀ ਦੇ ਮੇਦਾਂਤਾ ਹਸਪਤਾਲ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?