ਸੁਖਬੀਰ ਬਾਦਲ ਦੇ ਹਲਕੇ 'ਚ ਪਾਣੀ ਨਹੀਂ 'ਜ਼ਹਿਰ' ਪੀਂਦੇ ਹਨ ਲੋਕ (ਵੀਡੀਓ)
Tuesday, Feb 05, 2019 - 11:39 AM (IST)
ਫਾਜ਼ਿਲਕਾ (ਨਾਗਪਾਲ) - ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਦੇ ਪਿੰਡ ਜੰਡਵਾਲਾ ਦੇ ਲੋਕ ਪਿੰਡ 'ਚ ਪੀਣ ਲਈ ਸਪਲਾਈ ਕੀਤੇ ਜਾਣ ਵਾਲੇ ਗੰਦਲੇ ਪਾਣੀ ਨੂੰ ਪੀਣ ਲਈ ਮਜਬੂਰ ਹੋ ਰਹੇ ਹਨ। ਇਹ ਪਾਣੀ ਪਿੰਡ ਦੇ ਲੋਕਾਂ ਲਈ ਜ਼ਹਿਰ ਦੇ ਬਰਾਬਰ ਹੈ। ਦੱਸ ਦੇਈਏ ਕਿ ਪਿੰਡ 'ਚ ਵਾਟਰ ਵਰਕਸ ਦੇ ਜ਼ਰੀਏ ਸਪਲਾਈ ਹੋ ਰਹੇ ਪੀਣ ਵਾਲੇ ਪਾਣੀ 'ਚ ਅਜਿਹੀ ਮਿਲਾਵਟ ਆ ਰਹੀ ਹੈ, ਜਿਸ ਕਾਰਨ ਪਾਣੀ ਦਾ ਰੰਗ ਬਦਲ ਚੁੱਕਾ ਹੈ। ਇਸ ਜ਼ਹੀਰੀਲੇ ਪਾਣੀ ਨੂੰ ਪੀਣ ਕਾਰਨ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਇਸ ਗੰਦਲੇ ਪਾਣੀ ਕਾਰਨ ਪਿੰਡ 'ਚ ਕਾਲਾ ਪੀਲੀਆ, ਪੀਲੀਆ ਤੇ ਚਮੜੀ ਦੇ ਰੋਗਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ। ਪਿੰਡ ਵਾਸੀਆਂ ਮੁਤਾਬਕ ਉਹ ਕਈ ਵਾਰ ਪ੍ਰਸ਼ਾਸਨ ਤੇ ਸਰਕਾਰ ਅੱਗੇ ਇਸ ਸਮੱਸਿਆ ਨੂੰ ਲੈ ਕੇ ਗੁਹਾਰ ਲਗਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਧਰ ਇਸ ਸਬੰਧੀ ਜਦੋਂ ਜਲਾਲਾਬਾਦ ਦੇ ਐੱਸ.ਡੀ.ਐੱਮ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਪਿੰਡ ਵਾਸੀਆਂ ਦੀ ਇਸ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ।