ਢੀਂਡਸਿਆਂ ਦੀ ਰੈਲੀ 'ਚ ਸੁਖਬੀਰ ਬਾਦਲ ਨੂੰ ਪਾਰਟੀ 'ਚੋਂ ਕੱਢਣ ਦਾ ਮਤਾ ਪ੍ਰਵਾਨ

Sunday, Feb 23, 2020 - 06:24 PM (IST)

ਢੀਂਡਸਿਆਂ ਦੀ ਰੈਲੀ 'ਚ ਸੁਖਬੀਰ ਬਾਦਲ ਨੂੰ ਪਾਰਟੀ 'ਚੋਂ ਕੱਢਣ ਦਾ ਮਤਾ ਪ੍ਰਵਾਨ

ਸੰਗਰੂਰ (ਬੇਦੀ) : ਅਕਾਲੀ ਦਲ ਤੋਂ ਬਾਗੀ ਹੋਏ ਢੀਂਡਸਾ ਪਰਿਵਾਰ ਵਲੋਂ ਅੱਜ ਸ਼ਕਤੀ ਪ੍ਰਦਰਸ਼ਨ ਕਰਦਿਆਂ ਸੰਗਰੂਰ ਦੀ ਅਨਾਜ ਮੰਡੀ 'ਚ ਪੰਥਕ ਇਕੱਠ ਕੀਤਾ ਗਿਆ, ਜਿਸ 'ਚ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਨੇ ਬਾਦਲ ਪਰਿਵਾਰ ਨੂੰ ਖੂਬ ਰਗੜੇ ਲਾਏ। ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਸੰਗਰੂਰ ਦੀ ਧਰਤੀ ਤੋਂ ਨਵਾਂ ਆਗਾਜ਼ ਹੋਇਆ ਹੈ, ਉਨ੍ਹਾਂ ਕਿਹਾ ਕਿ ਬਾਦਲ ਪਿਉ-ਪੁੱਤ ਵੀ ਆਪਣੀ ਪਹਿਲੀ ਚੋਣ ਹਾਰੇ ਸਨ। ਜੀ.ਕੇ. ਨੇ ਕਿਹਾ ਕਿ ਅੱਜ ਦੇ ਸੰਗਰੂਰ ਇਕੱਠ ਨੂੰ ਕਾਂਗਰਸੀਆਂ ਦਾ ਇਕੱਠ ਦੱਸਣ ਵਾਲੇ ਬੌਖਲਾਹਟ 'ਚ ਹਨ, ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ 'ਤੇ ਇਲਜ਼ਾਮ ਲਗਾਉਣ ਵਾਲੇ ਪਹਿਲਾਂ ਸਿਰਸਾ ਸਾਧ ਨੂੰ ਮੁਆਫ਼ੀ ਦੇਣ ਦਾ ਜਵਾਬ ਦੇਣ। ਇਸ ਦੌਰਾਨ ਬਿਜਲੀ ਬੋਰਡ ਦੇ ਸਾਬਕਾ ਏ. ਐੱਮ. ਗੁਰਬਚਨ ਸਿੰਘ ਬਚੀ ਵੱਲੋਂ ਪੜ੍ਹੇ ਗਏ ਮਤਿਆਂ 'ਚ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ 'ਚੋਂ ਕੱਢਣ ਦਾ ਮਤਾ ਪਾਇਆ ਗਿਆ, ਜਿਸ ਨੂੰ ਹਾਜ਼ਰ ਲੋਕਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ ਗਈ। 

ਸੰਬੋਧਨ ਦੌਰਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਪੰਜਾਬ ਵਾਸੀਆਂ ਤੋਂ ਮੁਆਫ਼ੀ ਮੰਗੇ ਬਿਨਾਂ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਖਹਿੜਾ ਨਹੀਂ ਛੁੱਟੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਅਜਿਹੀ ਸੱਪਣੀ ਹੈ, ਜਿਹੜੀ ਆਪਣੇ ਹੀ ਬੱਚੇ ਖਾ ਜਾਂਦੀ ਹੈ ਕਿਉਂਕਿ ਸੁਖਬੀਰ ਨੇ ਪ੍ਰਧਾਨ ਹੁੰਦਿਆਂ ਪੰਥ ਨੂੰ ਹੀ ਤਬਾਹ ਕਰ ਦਿੱਤਾ ਹੈ। 

ਇਸ ਦੌਰਾਨ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਢੀਂਡਸਾ ਪਰਿਵਾਰ ਦਾ ਭੋਗ ਪਾਉਣ ਵਾਲੇ ਸੁਖਬੀਰ ਬਾਦਲ ਦੇ ਹੰਕਾਰ ਦਾ ਭੋਗ ਅੱਜ ਸੰਗਰੂਰ ਦੀ ਜਨਤਾ ਨੇ ਪਾ ਦਿੱਤਾ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਚੈਲੇਂਜ ਕੀਤਾ ਕਿ ਸੁਖਬੀਰ ਆਪਣੇ ਪਿਤਾ ਦੀਆਂ ਪਾਰਟੀ ਪ੍ਰਤੀ ਕੁਰਬਾਨੀਆਂ ਦਾ ਵੇਰਵਾ ਲੈ ਕੇ ਆਵੇ ਅਤੇ ਮੈਂ ਆਪਣੇ ਪਿਤਾ ਦੀਆਂ ਕੁਰਬਾਨੀਆਂ ਦਾ ਵੇਰਵਾ ਲੈ ਕੇ ਆਵਾਂਗਾ ਜੇਕਰ ਮੇਰੇ ਪਿਤਾ ਦੀ ਕੁਰਬਾਨੀ ਪ੍ਰਕਾਸ਼ ਸਿੰਘ ਬਾਦਲ ਨਾਲੋਂ ਘੱਟ ਹੋਈ ਤਾਂ ਉਹ ਚੌਕ 'ਚ ਖੜ੍ਹ ਕੇ ਗੋਲੀ ਖਾਣ ਲਈ ਤਿਆਰ ਹਨ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਗੁਰੂ ਘਰਾਂ ਦੇ ਪੈਸੇ ਨਾਲ ਆਪਣੀਆਂ ਬਿਲਡਿੰਗਾਂ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪਾਗਲਾਂ ਦਾ ਪ੍ਰਧਾਨ ਹੈ। ਭਾਈ ਰਣਜੀਤ ਸਿੰਘ ਨੇ ਮੋਹਾਲੀ ਵਿਖੇ ਸਥਿਤ ਗੁਰਦੁਆਰਾ ਅੰਬ ਸਾਹਿਬ ਦੀ ਵੇਚੀ ਜ਼ਮੀਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਸ ਵੇਲੇ ਸੁਖਬੀਰ ਦੇ ਚਹੇਤਿਆਂ ਨੂੰ ਮਾਲ ਬਣਾਉਣ ਲਈ ਵੇਚੀ ਸੀ।


author

Gurminder Singh

Content Editor

Related News