ਸੁਖਬੀਰ ਬਾਦਲ ਨੇ ਗ੍ਰਹਿ ਮੰਤਰਾਲੇ ਅੱਗੇ ਰੱਖੀ ਇਹ ਮੰਗ

12/5/2019 11:47:25 PM

ਚੰਡੀਗੜ੍ਹ,(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਅਪੀਲ ਕਰਦਿਆਂ ਮੰਗ ਰੱਖੀ ਹੈ ਕਿ ਉਹ ਪੰਜਾਬ 'ਚ ਲਾਇਸੈਂਸੀ ਹਥਿਆਰ ਰੱਖਣ ਦੀ ਆਗਿਆ ਤਿੰਨ ਹਥਿਆਰਾਂ ਤੋਂ ਘਟਾ ਕੇ ਇਕ ਨਾ ਕਰਨ।
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੁਖਬੀਰ ਨੇ ਕਿਹਾ ਕਿ ਆਰਮਜ਼ ਐਕਟ, 1959 'ਤੇ ਨਜ਼ਰਸਾਨੀ ਦੀ ਤਜਵੀਜ਼ ਨੂੰ, ਜਿਸ ਦਾ ਮਕਸਦ ਇਕ ਵਿਅਕਤੀ ਵਲੋਂ ਰੱਖੇ ਜਾ ਸਕਣ ਵਾਲੇ ਹਥਿਆਰਾਂ ਦੀ ਗਿਣਤੀ ਨੂੰ ਘਟਾਉਣਾ ਹੈ, ਬਾਰੇ ਮੁੜ ਵਿਚਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਤਵਾਦ ਦੇ ਭਿਆਨਕ ਦੌਰ 'ਚੋਂ ਲੰਘਿਆ ਹੈ, ਜਿਸ ਵੇਲੇ ਲੋਕਾਂ ਨੇ ਆਪਣੀ ਰਾਖੀ ਲਈ ਇਕ ਤੋਂ ਵੱਧ ਹਥਿਆਰ ਲੈ ਕੇ ਰੱਖ ਲਏ ਸਨ। ਇਤਿਹਾਸਕ ਤੌਰ 'ਤੇ ਵੀ ਪੰਜਾਬ ਦੇ ਲੋਕ ਗੁਆਂਢੀ ਰਾਜਾਂ ਦੇ ਮੁਕਾਬਲੇ ਵੱਧ ਹਥਿਆਰ ਰੱਖਦੇ ਆਏ ਹਨ, ਕਿਉਂਕਿ ਇਕ ਸਰਹੱਦੀ ਸੂਬਾ ਹੋਣ ਕਰਕੇ ਜੰਗਾਂ ਦੇ ਸਮੇਂ ਇਹ ਕਾਫੀ ਖੂਨ ਖਰਾਬਾ ਦੇਖ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨ ਪਿੰਡਾਂ ਤੋਂ ਦੂਰ 'ਢਾਣੀਆਂ' 'ਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਹਥਿਆਰਾਂ ਦੀ ਲੋੜ ਹੈ ਅਤੇ ਉਨ੍ਹਾਂ ਹਥਿਆਰ ਰੱਖੇ ਹੋਏ ਹਨ। ਕੰਢੀ ਬੈਲਟ 'ਚ ਫਸਲਾਂ ਦੀ ਰਾਖੀ ਲਈ ਹਥਿਆਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਤਜਵੀਜ਼ 'ਚ ਸੋਧ ਬਾਰੇ ਦੁਬਾਰਾ ਗੌਰ ਕੀਤਾ ਜਾਵੇ।


Bharat Thapa

Edited By Bharat Thapa