ਲਤੀਫਪੁਰਾ ਕਾਲੋਨੀ ਵਾਸੀਆਂ ਦੇ ਹੱਕ 'ਚ ਆਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ

Tuesday, Dec 13, 2022 - 10:39 PM (IST)

ਲਤੀਫਪੁਰਾ ਕਾਲੋਨੀ ਵਾਸੀਆਂ ਦੇ ਹੱਕ 'ਚ ਆਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ

ਜਲੰਧਰ (ਬਿਊਰੋ) : ਸਥਾਨਕ ਲਤੀਫਪੁਰਾ ਕਾਲੋਨੀ ਦੇ ਲੋਕਾਂ ’ਤੇ ਮਾਨ ਸਰਕਾਰ ਵੱਲੋਂ ਢਾਹੇ ਗਏ ਕਹਿਰ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਪੀੜਤ ਪਰਿਵਾਰ ਨਾਲ ਡਟ ਕੇ ਖੜ੍ਹੇਗਾ ਤੇ ਉਨ੍ਹਾਂ ਦੀ ਲੜਾਈ ਨੂੰ ਲੀਗਲੀ ਤੇ ਰਾਜਸੀ ਪੱਧਰ ’ਤੇ ਲੜੇਗਾ ਤਾਂ ਜੋ ਘਰੋਂ ਬੇਘਰ ਕੀਤੇ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੰਗਲਵਾਰ ਰਾਤ ਨੂੰ ਲਤੀਫਪੁਰਾ ਕਾਲੋਨੀ ’ਚ ਜਾ ਕੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਯਾਦ ਰਹੇ ਕਿ ਪਿਛਲੇ 75 ਸਾਲਾਂ ਤੋਂ ਲਤੀਫਪੁਰਾ ਕਾਲੋਨੀ ’ਚ ਰਹਿ ਰਹੇ ਪਰਿਵਾਰਾਂ ’ਤੇ ਪ੍ਰਸ਼ਾਸਨ ਨੇ ਕਹਿਰ ਢਾਹੁੰਦਿਆਂ ਸਾਰੀ ਕਾਲੋਨੀ ਨੂੰ ਬੁਲਡੋਜ਼ਰਾਂ ਨਾਲ ਤੋੜ ਦਿੱਤਾ ਤੇ ਲੋਕ ਠੰਡ ’ਚ ਆਪਣੇ ਬੱਚੇ ਲੈ ਕੇ ਬੈਠੇ ਹੋਏ ਹਨ।

ਇਹ ਵੀ ਪੜ੍ਹੋ : ਸਿੱਖ ਨੇਤਾ ਤ੍ਰਿਲੋਚਨ ਸਿੰਘ ਵਜੀਰ ਦੀ ਹੱਤਿਆ ਤੇ ਗਾਂਧੀਨਗਰ ਡਕੈਤੀ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਉਨ੍ਹਾਂ ਠੰਡ ’ਚ ਬੈਠੇ ਇਨ੍ਹਾਂ ਪਰਿਵਾਰਾਂ ਦੀ ਸਾਰ ਲੈਂਦਿਆਂ ਕਿਹਾ ਕਿ ਉਹ ਇਸ ਮਾਮਲੇ ’ਤੇ ਪਾਰਟੀ ਦੀ ਕੋਰ ਕਮੇਟੀ ’ਚ ਵਿਚਾਰ ਕਰਨਗੇ। ਉਨ੍ਹਾਂ ਸਾਬਕਾ ਵਿਧਾਇਕ ਤੇ ਸੀਨੀ. ਅਕਾਲੀ ਆਗੂ ਜਗਬੀਰ ਬਰਾੜ ਤੇ ਜ਼ਿਲ੍ਹਾ ਸ਼ਹਿਰੀ ਜਥੇ. ਕੁਲਵੰਤ ਸਿੰਘ ਮੰਨਣ ਦੀ ਅਗਵਾਈ ’ਚ ਇਕ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ। ਇਹ ਕਮੇਟੀ ਪੀੜਤ ਪਰਿਵਾਰਾਂ ਦੀ ਹਰ ਤਰ੍ਹਾਂ ਨਾਲ ਮਦਦ ਕਰੇਗੀ ਤੇ ਪ੍ਰਸ਼ਾਸਨ ਤੱਕ ਇਸ ਮਸਲੇ ਨੂੰ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਸਾਰਾ ਸ਼ਹਿਰੀ ਢਾਂਚਾ ਤੁਹਾਡੇ ਦੁੱਖ-ਸੁੱਖ ’ਚ ਖੜ੍ਹੇਗਾ ਤੇ ਤੁਹਾਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰੇਗਾ।

PunjabKesari

ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੀ ਸਰਕਾਰ ਵੇਲੇ ਵੀ ਉੱਠਿਆ ਸੀ ਪਰ ਅਸੀਂ ਇਨ੍ਹਾਂ ਲੋਕਾਂ ਨੂੰ ਛੇੜਿਆ ਤੱਕ ਨਹੀਂ। ਉਨ੍ਹਾਂ ਕਿਹਾ ਕਿ ਭਾਵੇਂ ਹਾਈਕੋਰਟ ਜਾਂ ਉਸ ਤੋਂ ਉਪਰਲੀ ਅਦਾਲਤ ਦਾ ਫੈਸਲਾ ਜੋ ਵੀ ਹੋਵੇ, ਇਹ ਸਰਕਾਰ ਨੇ ਦੇਖਣਾ ਹੁੰਦਾ ਹੈ ਕਿ ਉਸ ਦਾ ਬਦਲ ਕੀ ਹੈ? ਜੇ ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਘਰੋਂ ਬੇਘਰ ਕਰਨਾ ਸੀ ਤਾਂ ਪਹਿਲਾਂ ਇਨ੍ਹਾਂ ਨੂੰ ਘਰ ਬਣਾ ਕੇ ਦਿੰਦੀ ਤੇ ਫਿਰ ਕੋਈ ਅੱਗੇ ਫੈਸਲਾ ਕਰਦੀ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਉਜਾੜਨ ਪਿੱਛੇ ਭੂ-ਮਾਫੀਆ ਦਾ ਵੀ ਹੱਥ ਹੋ ਸਕਦਾ ਹੈ ਤੇ ਇਸ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਠੰਡ ’ਚ ਬੱਚੇ ਤੇ ਬਜ਼ੁਰਗ ਔਰਤਾਂ ਨੂੰ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਇਹ ਲੋਕ ਪਹਿਲਾਂ ਵੀ ਪਾਕਿਸਤਾਨ ਤੋਂ ਉੱਜੜ ਕੇ ਇਥੇ ਆਏ ਸਨ ਪਰ ਹੁਣ ਮਾਨ ਸਰਕਾਰ ਨੇ ਇਨ੍ਹਾਂ ਨੂੰ ਫਿਰ ਉਜਾੜ ਦਿੱਤਾ।

ਪ੍ਰਸ਼ਾਸਨ ਨੇ ਗਰੀਬਾਂ ’ਤੇ ਚਲਾਇਆ ਕੁਹਾੜਾ : ਜਗਬੀਰ ਬਰਾੜ

ਸਾਬਕਾ ਵਿਧਾਇਕ ਜਗਬੀਰ ਬਰਾੜ ਨੇ ਕਿਹਾ ਕਿ ਪ੍ਰਸ਼ਾਸਨ ਨੇ ਇਨ੍ਹਾਂ ਗਰੀਬ ਲੋਕਾਂ ’ਤੇ ਜਿਹੜਾ ਕੁਹਾੜਾ ਚਲਾਇਆ ਹੈ, ਉਹ ਹਿਰਦੇਵੇਦਕ ਹੈ। ਉਨ੍ਹਾਂ ਕਿਹਾ ਕਿ ਠੰਡ ਦਾ ਸਮਾਂ ਹੈ ਤੇ ਇਹ ਲੋਕ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਸੜਕਾਂ ’ਤੇ ਬੈਠੇ ਹਨ। ਉਨ੍ਹਾਂ ਦੇ ਰਹਿਣ ਲਈ ਕੋਈ ਥਾਂ ਨਹੀਂ ਹੈ ਤੇ ਉਹ ਨੀਲੇ ਅੰਬਰ ਥੱਲੇ ਰਾਤਾਂ ਗੁਜ਼ਾਰ ਰਹੇ ਹਨ। ਇੰਨਾ ਜ਼ੁਲਮ ਤਾਂ ਇਨ੍ਹਾਂ ਲੋਕਾਂ ’ਤੇ ਪਾਕਿਸਤਾਨ ’ਚ ਉਜੜਣ ਵੇਲੇ ਵੀ ਨਹੀਂ ਹੋਇਆ, ਜਿੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ। ਇਨ੍ਹਾਂ ਲੋਕਾਂ ਦਾ ਦੁੱਖੜਾ ਦੇਖਿਆ ਨਹੀਂ ਜਾਂਦਾ, ਕਿਉਂਕਿ ਉਨ੍ਹਾਂ ਕੋਲ ਬਚਿਆ ਕੁਝ ਵੀ ਨਹੀਂ ਹੈ।

ਇਹ ਵੀ ਪੜ੍ਹੋ : ਲੱਖਾਂ ਦੀ ਠੱਗੀ ਮਾਰਨ ਵਾਲੇ ਅਫਰੀਕੀ ਠੱਗਾਂ ਦੇ ਗਿਰੋਹ ਦਾ ਪਰਦਾਫਾਸ਼, ਮਾਸਟਰ ਮਾਈਂਡ ਸਮੇਤ 4 ਗ੍ਰਿਫ਼ਤਾਰ

ਲਤੀਫਪੁਰਾ ਕਾਲੋਨੀ ’ਚ ਜਾਣ ਤੋਂ ਪਹਿਲਾਂ ਸੁਖਬੀਰ ਬਾਦਲ ਅਕਾਲੀ ਨੇਤਾ ਜਗਬੀਰ ਬਰਾੜ ਦੇ ਘਰ ਗਏ ਤੇ ਉਥੇ ਪਾਰਟੀ ਲੀਡਰਾਂ ਨੂੰ ਮਿਲੇ। ਇਸ ਮੌਕੇ ਜ਼ਿਲਾ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ ਰਾਜਪਾਲ, ਅੰਮ੍ਰਿਤਬੀਰ ਸਿੰਘ, ਗਗਨਦੀਪ ਸਿੰਘ ਗੱਗੀ, ਨਿਰਵੈਰ ਸਿੰਘ ਸਾਜਨ, ਹਰਮਨ ਆਸੀਜਾ, ਗੁਰਪ੍ਰੀਤ ਸਿੰਘ ਸਚਦੇਵਾ, ਦਮਨਪ੍ਰੀਤ ਸਿੰਘ, ਦਰਸ਼ਨ ਸਿੰਘ, ਭਜਨ ਲਾਲ ਚੋਪੜਾ, ਸੰਜੂ ਭੱਟੀ ਤੇ ਉਜਲ ਸਿੰਘ ਨਰੂਲਾ ਤੋਂ ਇਲਾਵਾ ਹੋਰ ਵੱਡੀ ਗਿਣਤੀ ’ਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।
 


author

Mandeep Singh

Content Editor

Related News