ਫ਼ਸਲ ਦੀ ਗਿਰਦਾਵਰੀ ਲਈ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਕੀਤੀ ਅਪੀਲ

04/08/2021 3:29:43 PM

ਜਲੰਧਰ (ਲਾਭ ਸਿੰਘ ਸਿੱਧੂ) :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਬੀਤੀ ਰਾਤ ਮੀਂਹ ਅਤੇ ਝੱਖੜ ਨਾਲ ਤਬਾਹ ਹੋਈ ਕਣਕ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਨ ਦੇ ਹੁਕਮ ਦੇਣ ਤਾਂ ਜੋ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਸੁਖਬੀਰ ਬਾਦਲ, ਜਿਹੜੇ ਲੰਬੀ ਹਲਕੇ ਦੇ ਪਿੰਡਾਂ ’ਚ ਮੀਂਹ ਤੇ ਹਨ੍ਹੇਰੀ ਨਾਲ ਕਣਕ ਦੀ ਫਸਲ ਦੇ ਹੋਏ ਖਰਾਬੇ ਨੂੰ ਵੇਖਣ ਲਈ ਵੱਖ-ਵੱਖ ਥਾਵਾਂ ’ਤੇ ਗਏ, ਨੇ ਕਿਹਾ ਕਿ ਕਿਸਾਨਾਂ ਦਾ ਤਾਂ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ। ਹੁਣ ਉਹ ਹੋਰ ਨੁਕਸਾਨ ਨਹੀਂ ਸਹਿ ਸਕਦੇ, ਇਸ ਲਈ ਮੁੱਖ ਮੰਤਰੀ ਨੂੰ ਤੁਰੰਤ ਸੂਬੇ ਦੇ ਡੀਸੀਜ਼ ਨੂੰ ਹਦਾਇਤ ਦੇਣੀ ਚਾਹੀਦੀ ਹੈ ਕਿ ਉਹ ਤੁਰੰਤ ਗਿਰਦਾਵਰੀਆਂ ਕਰਵਾਉਣ। ਉਨ੍ਹਾਂ ਕਿਹਾ ਕਿ ਕਿਸਾਨ ਵਰਗ ਪਹਿਲਾਂ ਹੀ ਤਿੰਨੇ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ ’ਤੇ ਡੇਰੇ ਲਾਈ ਬੈਠਾ ਹੈ। ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੇਤੀਬਾੜੀ ਦਾ ਧੰਦਾ ਚੌਪਟ ਹੋਈ ਜਾ ਰਿਹਾ ਹੈ ਤੇ ਆਏ ਦਿਨ ਮਹਿੰਗੀਆਂ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਕਰਕੇ ਕਿਸਾਨਾਂ ਨੂੰ ਮਾਰ ਪੈ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਉਲਝਾਏ ਹੀ ਹਨ। ਹੁਣ ਐੱਫ. ਸੀ. ਆਈ. ਵਲੋਂ ਕਣਕ ਦੀ ਖਰੀਦ ਸਬੰਧੀ ਲਏ ਜਾ ਰਹੇ ਫੈਸਲੇ ਬਾਰੇ ਮੁੱਖ ਮੰਤਰੀ ਨੇ ਕੋਈ ਕਦਮ ਨਹੀਂ ਚੁੱਕੇ, ਜਿਸ ਕਰਕੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਰਹੱਦ ਪਾਰ : ਜੱਜ ਦੇ ਮੂੰਹ ’ਤੇ ਫਾਈਲ ਮਾਰਨ ਵਾਲੀ ਜਨਾਨੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਭੇਜਿਆ

ਦੱਸਣਯੋਗ ਹੈ ਕਿ ਝੱਖੜ ਕਾਰਨ ਜਿਥੇ ਮਲੋਟ ਲੰਬੀ ਇਲਾਕੇ ਅੰਦਰ ਕਣਕ ਸਮੇਤ ਫਸਲ ਦਾ ਭਾਰੀ ਨੁਕਸਾਨ ਹੋਇਆ, ਉਥੇ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ’ਚ ਯੂਥ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਰੈਲੀ ਦੇ ਤੰਬੂ ਉੱਖੜ ਗਏ ਹਨ। ਇਨ੍ਹਾਂ ਕਾਰਨਾਂ ਕਰ ਕੇ ਇਹ ਰੈਲੀ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ‘ਯੂਥ ਮੰਗਦਾ ਜਵਾਬ’ ਪ੍ਰੋਗਰਾਮ ਅਧੀਨ ਕੀਤੀਆਂ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਪੰਜਾਬ ’ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ ।

PunjabKesari

ਇਸ ਲੜੀ ’ਚ ਹੀ ਲੰਬੀ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਸੀ ਜਿਸ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵਿਸੇਸ਼ ਤੌਰ ’ਤੇ ਪੁੱਜ ਰਹੇ ਸੀ। ਲੰਘੀ ਸ਼ਾਮ ਬਾਰਿਸ਼ ਅਤੇ ਤੇਜ਼ ਝੱਖੜ ਕਾਰਨ ਜਿੱਥੇ ਖੇਤਾਂ ’ਚ ਖੜ੍ਹੀ ਕਣਕ ਦੀ ਫਸਲ ਵਿਛ ਗਈ ਅਤੇ ਦਰਖਤ ਆਦਿ ਡਿੱਗੇ ਉਥੇ ਰੈਲੀ ਲਈ ਲਾਇਆ ਸ਼ਮਿਆਨਾ ਪੂਰੀ ਤਰ੍ਹਾਂ ਉਖੜ ਗਿਆ ਅਤੇ ਕਨਾਤਾਂ ਖਿੱਲ੍ਹਰ ਗਈਆਂ। ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸਮੇਤ ਹੋਰਨਾਂ ਆਗੂਆਂ ਵੱਲੋਂ ਸ਼ੋਸ਼ਲ ਮੀਡੀਆ ’ਤੇ ਇਸ ਰੈਲੀ ਨੂੰ ਮੁਲਤਵੀ ਕਰਨ ਦੇ ਸੁਨ੍ਹੇਹੇ ਪਾਏ ਜਾ ਰਹੇ ਹਨ, ਜਿਸ ਵਿਚ ਲਿਖਿਆ ਹੈ ਕਿ ਇਹ ਰੈਲੀ ਝੱਖੜ ਕਾਰਨ ਫਸਲ ਦੇ ਨੁਕਸਾਨ ਕਰ ਕੇ ਰੱਦ ਕੀਤੀ ਹੈ। ਸਮਝਿਆ ਜਾ ਰਿਹਾ ਹੈ ਕਿ ਅਕਾਲੀ ਦਲ ਵੱਲੋਂ ਪੰਡਾਲ ਦਾ ਪ੍ਰਬੰਧ ਕੀਤਾ ਜਾ ਸਕਦਾ ਸੀ ਪਰ ਖੇਤਾਂ ਵਿਚ ਅਚਾਨਕ ਵਧੇ ਕੰਮਾਂ ਕਰ ਕੇ ਭੀੜ ਦਾ ਅਸਰ ਪੈ ਸਕਦਾ ਸੀ। ਜਿਸ ਨੂੰ ਲੈ ਕੇ ਅਕਾਲੀ ਦਲ ਨੇ ਅਗਲੀ ਤਰੀਕ ਤੱਕ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ’ਚ ਵਧੀ ਕਰਫ਼ਿਊ ਦੀ ਮਿਆਦ, ਸਰਕਾਰ ਵਲੋਂ ਨਵੀਂਆਂ ਗਾਈਡਲਾਈਨਜ਼ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News