ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਲਈ 'ਸੁਖਬੀਰ ਬਾਦਲ' ਨੇ ਕੀਤੇ ਵੱਡੇ ਐਲਾਨ
Monday, Jan 03, 2022 - 02:28 PM (IST)
ਬੱਲੂਆਣਾ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਇੱਥੇ ਪੁੱਜੇ। ਇੱਥੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਰਦੇਵ ਸਿੰਘ ਗੋਬਿੰਦਗੜ੍ਹ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਸੁਖਬੀਰ ਬਾਦਲ ਨੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਲਈ ਵੱਡੇ ਐਲਾਨ ਕੀਤੇ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਹਰ 25 ਹਜ਼ਾਰ ਆਬਾਦੀ ਅੰਦਰ 5000 ਬੱਚਿਆਂ ਦਾ ਵੱਡਾ ਮੈਗਾ ਸਕੂਲ ਬਣਾਇਆ ਜਾਵੇਗਾ ਅਤੇ 50 ਬੱਚਿਆਂ ਪਿੱਛੇ ਇਕ ਅਧਿਆਪਕ ਹੋਵੇਗਾ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਮਜੀਠੀਆ ਦੀਆਂ ਤਸਵੀਰਾਂ ਨੇ ਮਚਾਈ ਸਿਆਸੀ ਹਲਚਲ, ਦਿੱਤੇ ਗਏ ਜਾਂਚ ਦੇ ਹੁਕਮ
ਸੁਖਬੀਰ ਬਾਦਲ ਨੇ ਕਿਹਾ ਕਿ ਆਉਣ ਵਾਲੀ ਸਰਕਾਰ 'ਚ ਕਾਨੂੰਨ ਲਿਆਂਦਾ ਜਾਵੇਗਾ ਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਅਤੇ ਨਿੱਜੀ ਕਾਲਜ ਹਨ, ਉਨ੍ਹਾਂ 'ਚ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ 33 ਫ਼ੀਸਦੀ ਸੀਟਾਂ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਸਰਕਾਰ ਵੱਲੋਂ ਦਿੱਤਾ ਜਾਵੇਗਾ ਤਾਂ ਜੋ ਗਰੀਬ ਬੱਚਿਆਂ ਨੂੰ ਪੜ੍ਹਨ ਦਾ ਕੋਈ ਫ਼ਿਕਰ ਨਾ ਹੋਵੇ। ਉਨ੍ਹਾਂ ਕਿਹਾ ਕਿ ਅਗਲੇ 5 ਸਾਲਾਂ ਦੇ ਅੰਦਰ ਗਰੀਬ ਘਰਾਂ ਦੇ ਬੱਚਿਆਂ ਨੂੰ ਡਾਕਟਰ, ਇੰਜੀਨੀਅਰ ਬਣਾ ਕੇ ਦਿਖਾਵਾਂਗੇ। ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਬੱਚਿਆਂ ਲਈ ਸਰਕਾਰੀ ਨੌਕਰੀਆਂ 'ਚ 33 ਫ਼ੀਸਦੀ ਰਾਖਵਾਂਕਰਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਢਾਬੇ 'ਤੇ ਮਜ਼ੇ ਨਾਲ 'ਤੰਦੂਰੀ ਨਾਨ' ਖਾਣ ਦੇ ਸ਼ੌਕੀਨਾਂ ਦੇ ਹੋਸ਼ ਉਡਾ ਦੇਵੇਗੀ ਇਹ ਖ਼ਬਰ (ਤਸਵੀਰਾਂ)
ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਬਾਹਰਲੇ ਮੁਲਕਾਂ 'ਚ ਪੜ੍ਹਨਾ ਚਾਹੁੰਦੇ ਹਨ, ਉਨ੍ਹਾਂ ਲਈ ਸਟੂਡੈਂਟ ਕਾਰਡ ਸਕੀਮ ਲਿਆਂਦੀ ਜਾਵੇਗੀ। ਇਸ ਤਹਿਤ ਜਿਸ ਕਾਲਜ 'ਚ ਬੱਚੇ ਦਾ ਦਾਖ਼ਲਾ ਹੋਵੇਗਾ, ਉਸ ਕਾਲਜ ਨੂੰ 10 ਲੱਖ ਰੁਪਿਆ ਸਰਕਾਰ ਵੱਲੋਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਖ਼ੁਦ ਦਾ ਕੰਮ ਕਰਨਾ ਚਾਹੁੰਦੇ ਹਨ, ਅਜਿਹੇ ਬੱਚਿਆਂ ਨੂੰ ਪੰਜਾਬ ਕੋ-ਆਪਰੇਟਿਵ ਬੈਂਕ ਤੋਂ 5 ਲੱਖ ਰੁਪਏ ਦਾ ਬਿਨਾ ਵਿਆਜ਼ ਤੋਂ ਕਰਜ਼ਾ ਦਿੱਤਾ ਜਾਵੇਗਾ, ਜੋ ਕਿ ਕੰਮ ਚੱਲਣ ਦੇ 3 ਸਾਲ ਬਾਅਦ ਮੋੜਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣਗੇ।
ਇਹ ਵੀ ਪੜ੍ਹੋ : ਧਰਨੇ 'ਚ ਫਸੀ ਐਂਬੂਲੈਂਸ ਕਾਰਨ ਮਾਸੂਮ ਬੱਚੇ ਦੀ ਮੌਤ, ਧਰਨਾਕਾਰੀਆਂ ਨੇ ਆਖੀ ਇਹ ਗੱਲ
ਸੁਖਬੀਰ ਬਾਦਲ ਨੇ ਬੀਬੀਆਂ ਲਈ ਐਲਾਨ ਕਰਦਿਆਂ ਕਿਹਾ ਕਿ ਜਿਨ੍ਹਾਂ ਬੀਬੀਆਂ ਦੇ ਨੀਲੇ ਕਾਰਡ ਨਹੀਂ ਬਣੇ ਹਨ, ਸਰਕਾਰ ਆਉਣ 'ਤੇ ਉਨ੍ਹਾਂ ਦੇ ਨੀਲੇ ਕਾਰਡ ਸਭ ਤੋਂ ਪਹਿਲਾਂ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਨੀਲਾ ਕਾਰਡ ਧਾਰਕ ਔਰਤਾਂ ਨੂੰ ਹਰ ਮਹੀਨੇ 2000 ਰੁਪਿਆ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਬਣਾਇਆ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਹਰ ਵਿਧਾਨ ਸਭਾ ਹਲਕੇ 'ਚ 5000 ਮਕਾਨ ਗਰੀਬ ਲੋਕਾਂ ਨੂੰ ਬਣਾ ਕੇ ਦਿੱਤੇ ਜਾਣਗੇ। ਇਸ ਦੇ ਨਾਲ ਹੀ ਪੰਜਾਬ ਦੇ ਹਰ ਪਰਿਵਾਰ ਲਈ ਬਿਜਲੀ ਦੀਆਂ 400 ਯੂਨਿਟ ਮੁਆਫ਼ ਕੀਤੀਆਂ ਜਾਣਗੀਆਂ। ਇਸ ਮੌਕੇ ਸੁਖਬੀਰ ਬਾਦਲ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ