ਪਟਿਆਲਾ ''ਚ ਵਿਸ਼ਾਲ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਵਿਰੋਧੀਆਂ ''ਤੇ ਲਾਏ ਰਗੜੇ
Thursday, Dec 09, 2021 - 02:54 PM (IST)

ਪਟਿਆਲਾ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ-ਬਸਪਾ ਵੱਲੋਂ ਪਟਿਆਲਾ ਦਿਹਾਤੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਰੈਲੀ ਪਟਿਆਲਾ ਦਿਹਾਤੀ ਦੇ ਚੋਣ ਪ੍ਰਚਾਰ 'ਤੇ ਕੇਂਦਰਿਤ ਹੈ। ਇਸ ਮੌਕੇ ਸੁਖਬੀਰ ਬਾਦਲ ਵੱਲੋਂ ਕਾਂਗਰਸ 'ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਦੇ ਰਾਜ 'ਚ ਰੇਤ ਮਾਫ਼ੀਆ, ਗੁੰਡਾਗਰਦੀ ਦਾ ਰਾਜ ਹੈ।
ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਗਾਰੰਟੀ ਦਿੰਦੇ ਹਨ ਕਿ ਜਿੰਨ੍ਹਾਂ ਲੋਕਾਂ 'ਤੇ ਵੀ ਪੁਲਸ ਅਧਿਕਾਰੀਆਂ ਨੇ ਝੂਠੇ ਕੇਸ ਦਰਜ ਕੀਤੇ ਹਨ, ਉਹ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਆਪਣੀ ਨੌਕਰੀ ਤੋਂ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਮਗਰੋਂ ਇਹ ਕੰਮ ਪਹਿਲੇ ਹਫ਼ਤੇ 'ਚ ਉਹ ਕਰ ਕੇ ਦਿਖਾਉਣਗੇ। ਸੁਖਬੀਰ ਬਾਦਲ ਨੇ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ-ਇਕ ਪੰਥਕ ਪਾਰਟੀ ਹੈ ਅਤੇ ਬਾਕੀ ਸਾਰੀਆਂ ਪਾਰਟੀਆਂ ਬਾਹਰ ਦੀਆਂ ਹਨ, ਜਿਨ੍ਹਾਂ ਨੂੰ ਪੰਜਾਬੀਆਂ ਨਾਲ ਕੋਈ ਵਾਸਤਾ ਨਹੀਂ ਹੈ।
ਇਹ ਵੀ ਪੜ੍ਹੋ : ਕੈਪਟਨ-ਭਾਜਪਾ ਵਿਚਾਲੇ ਗਠਜੋੜ ਦੀਆਂ ਕਿਆਸਰਾਈਆਂ ਤੇਜ਼, ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਦੀ ਸੰਭਾਵਨਾ
ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਦੁੱਖਾਂ-ਤਕਲੀਫ਼ਾਂ ਬਾਰੇ ਕੁੱਝ ਪਤਾ ਨਹੀਂ ਹੈ। ਇਸੇ ਲਈ ਤਾਂ ਭਾਜਪਾ ਨੇ ਕਾਲੇ ਕਾਨੂੰਨ ਲਿਆਂਦੇ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ 'ਚ ਬਿਆਨ ਦਿੰਦੇ ਹਨ ਕਿ ਪੰਜਾਬ 'ਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਪਰਚੇ ਦਰਜ ਕਰੋ ਤਾਂ ਭਗਵੰਤ ਮਾਨ ਉਨ੍ਹਾਂ ਨੂੰ ਜਵਾਬ ਨਹੀਂ ਦੇ ਸਕਦੇ ਕਿਉਂਕਿ ਪਾਰਟੀ ਨੂੰ ਸਾਰੀ ਤਾਕਤ ਦਿੱਲੀ ਤੋਂ ਮਿਲਦੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ