ਪੰਜਾਬ ਦੀ ਸੁਸਤ ਰਫ਼ਤਾਰ ਲਈ ਸੁਖਬੀਰ ਦੇ ''ਕੈਪਟਨ'' ''ਤੇ ਰਗੜੇ, ਸੁਣਾਈਆਂ ਖ਼ਰੀਆਂ-ਖ਼ਰੀਆਂ

Monday, Sep 07, 2020 - 08:05 AM (IST)

ਪੰਜਾਬ ਦੀ ਸੁਸਤ ਰਫ਼ਤਾਰ ਲਈ ਸੁਖਬੀਰ ਦੇ ''ਕੈਪਟਨ'' ''ਤੇ ਰਗੜੇ, ਸੁਣਾਈਆਂ ਖ਼ਰੀਆਂ-ਖ਼ਰੀਆਂ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪੰਜਾਬ, ਜਿਸ ਨੇ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ ਵਪਾਰ ਕਰਨ ਦੀ ਸੌਖ (ਈਜ਼ ਆਫ ਡੂਇੰਗ ਬਿਜ਼ਨਸ) ਦੇ ਕਈ ਪੈਮਾਨਿਆਂ 'ਚ ਨੰਬਰ ਇਕ ਦਰਜਾ ਹਾਸਲ ਕੀਤਾ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੁਸਤ ਰਫ਼ਤਾਰ ਸੂਬਾ ਬਣ ਗਿਆ ਹੈ ਅਤੇ ਇਹ ਲਗਾਤਾਰ ਦੂਜੇ ਸਾਲ ਸਭ ਤੋਂ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੇ ਸੂਬਿਆਂ 'ਚ ਸ਼ਾਮਲ ਹੋ ਗਿਆ ਹੈ।

ਇੱਥੇ ਜਾਰੀ ਕੀਤੇ ਇਕ ਬਿਆਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਨੂੰ ਬਿਜ਼ਨੈੱਸ ਰਿਫਾਰਮ ਐਕਸ਼ਨ ਪਲਾਨ-2019 ਦੀ ਦਰਜਾਬੰਦੀ 'ਚ 19ਵਾਂ ਰੈਂਕ ਮਲਿਆ ਹੈ, ਜਦੋਂ ਕਿ ਪਿਛਲੇ ਸਾਲ ਇਸ ਨੂੰ 20ਵਾਂ ਰੈਂਕ ਮਿਲਿਆ ਸੀ। ਉਨ੍ਹਾਂ ਕਿਹਾ ਕਿ ਸੂਬੇ ਵੱਲੋਂ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ 2015 'ਚ ਨੰਬਰ ਇਕ ਰੈਂਕ ਹਾਸਲ ਕੀਤਾ ਗਿਆ ਸੀ ਤੇ 2016 'ਚ ਸਿੰਗਲ ਵਿੰਡੋ ਸੁਧਾਰਾਂ ਲਈ ਇਸ ਨੂੰ ਫਿਰ ਤੋਂ ਨੰਬਰ 1 ਰੈਂਕ ਦਿੱਤਾ ਗਿਆ ਸੀ। ਸੁਖਬੀਰ ਨੇ ਕਿਹਾ ਕਿ ਤਾਜ਼ਾ ਦਰਜਾਬੰਦੀ ਸਾਰੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸੂਬੇ 'ਚ 2013 'ਚ ਨਵੀਂ ਸਨਅਤੀ ਨੀਤੀ ਆਉਣ ਤੋਂ ਬਾਅਦ ਹੁਣ ਸੂਬਾ ਵਪਾਰ ਕਰਨ ਦੀ ਸੌਖ ਦੀ ਦਰਜਾਬੰਦੀ 'ਚ ਹੇਠਾਂ ਡਿੱਗ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀਆਂ ਦੀ ਕਾਰਗੁਜ਼ਾਰੀ ਕਿਤੇ ਬਿਹਤਰ ਰਹੀ ਹੈ। ਹਿਮਾਚਲ ਪ੍ਰਦੇਸ਼ 16ਵੇਂ ਸਥਾਨ ਤੋਂ 7ਵੇਂ ਸਥਾਨ ’ਤੇ ਪਹੁੰਚ ਗਿਆ, ਜਦੋਂ ਕਿ ਹਰਿਆਣਾ ਨੂੰ 16ਵਾਂ ਸਥਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦਸੰਬਰ, 2019 'ਚ ਪੰਜਾਬ ਦਾ ਚੰਗੇ ਪ੍ਰਸ਼ਾਸਨ ਦੇ ਸੂਚਕ ਅੰਕ 'ਚ 18 ਰਾਜਾਂ 'ਚੋਂ 13ਵਾਂ ਰੈਂਕ ਆਇਆ ਸੀ। ਉਨ੍ਹਾਂ ਜ਼ੋਰ ਦਿੱਤਾ ਕਿ ਇਨ੍ਹਾਂ ਮਾੜੇ ਹਾਲਾਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਨਵੈਸਟ ਪੰਜਾਬ ਮਹਿਕਮੇ ਦੀ ਮਾਨਤਾ ਘਟਾ ਦਿੱਤੀ ਹੈ, ਜਦਕਿ ਇਸ ਮਹਿਕਮੇ ਨੇ ਵਨ ਸਟਾਪ ਕਲੀਅਰੈਂਸ ਸਿਸਟਮ ਦੀ ਸ਼ੁਰੂਆਤ ਕੀਤੀ ਸੀ ਤੇ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ 45000 ਕਰੋੜ ਰੁਪਏ ਦੇ ਨਿਵੇਸ਼ ਨੂੰ ਹੁਲਾਰਾ ਮਿਲਿਆ ਸੀ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੁਧਾਰ ਕਮਿਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਤੇ 12000 ਸੇਵਾ ਕੇਂਦਰ ਜੋ ਲੋਕਾਂ ਨੂੰ ਸੇਵਾਵਾਂ ਸੌਖਿਆਂ ਦੇਣ ਲਈ ਬਣਾਏ ਗਏ ਸਨ, ਨੂੰ ਬੰਦ ਕਰ ਦਿੱਤਾ ਗਿਆ। ਮੁੱਖ ਮੰਤਰੀ ਨੂੰ ਕਾਰਗੁਜ਼ਾਰੀ ਦਿਖਾਉਣ ਜਾਂ ਫਿਰ ਅਸਤੀਫ਼ਾ ਦੇਣ ਲਈ ਆਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਤੁਸੀਂ ਹਰ ਖੇਤਰ 'ਚ ਸੂਬੇ ਦੀ ਗਿਰਾਵਟ ਦੀ ਖੁਦ ਅਗਵਾਈ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਤੁਸੀਂ ਨਿਵੇਸ਼ ਲਿਆਉਣ ਬਾਰੇ ਝੂਠੇ ਦਾਅਵੇ ਕਰ ਰਹੇ ਹੋ ਤੇ ਤੁਹਾਡਾ ਨਿਵੇਸ਼ ਸੰਮੇਲਨ ਦਾ ਝੂਠ ਬੇਨਕਾਬ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਦਾ ਤੁਹਾਡੀ ਅਗਵਾਈ ਹੇਠਲੇ ਪੰਜਾਬ 'ਚ ਵਿਸ਼ਵਾਸ ਖਤਮ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਪੰਜਾਬ ਦੀ ਦਰਜਾਬੰਦੀ ਹੁਣ ਹੇਠਾਂ ਆ ਗਈ ਹੈ ਤੇ ਇਹ ‘ਬਿਮਾਰੂ’ ਰਾਜਾਂ 'ਚ ਸ਼ੁਮਾਰ ਹੋ ਗਿਆ ਹੈ, ਜਿਸ ਨੇ ਪੰਜਾਬੀਆਂ ਤੇ ਮਾਣ ਤੇ ਸਤਿਕਾਰ ਨੂੰ ਸੱਟ ਮਾਰੀ ਹੈ। ਸੁਖਬੀਰ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਬਹਾਨੇਬਾਜ਼ੀ ਕਰਨਾ ਬੰਦ ਕਰਨ ਤੇ ਆਪਣੀਆਂ ਅਸਫ਼ਲਤਾਵਾਂ ਦਾ ਕਾਰਣ ਦੱਸਣ। ਉਨ੍ਹਾਂ ਕਿਹਾ ਕਿ ਪੰਜਾਬੀ ਚਾਹੁੰਦੇ ਹਨ ਕਿ ਤੁਸੀਂ ਅਗਵਾਈ ਕਰੋ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਆਪਣੇ ਫਾਰਮ ਹਾਊਸ 'ਚੋਂ ਬਾਹਰ ਨਿਕਲੋ ਅਤੇ ਚੰਗਾ ਪ੍ਰਸ਼ਾਸਨ ਦਿਓ। ਉਨ੍ਹਾਂ ਕਿਹਾ ਕਿ ਤੁਹਾਨੂੰ ਪੰਜਾਬ ਨਿਵੇਸ਼ ਦਫ਼ਤਰ ਮੁੜ ਸ਼ੁਰੂ ਕਰਨਾ ਪਵੇਗਾ ਤੇ ਇਸ ਦੀ ਪੁਰਾਣੀ ਸਾਖ਼ ਬਹਾਲ ਕਰਨੀ ਪਵੇਗੀ।

ਤੁਹਾਨੂੰ ਉਦਯੋਗਾਂ ਕੋਲ ਪਹੁੰਚ ਕਰਨੀ ਪਵੇਗੀ ਤੇ ਨਵੇਂ ਉਦਯੋਗ ਲਿਆਉਣ ਲਈ ਰਿਆਇਤਾਂ ਤੇ ਉਤਸ਼ਾਹ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਤੁਹਾਨੂੰ ਉਦਯੋਗਾਂ ਲਈ 5 ਰੁਪਏ ਪ੍ਰਤੀ ਯੂਨਿਟ ਦਾ ਆਪਣਾ ਪੁਰਾਣਾ ਵਾਅਦਾ ਪੁਗਾਉਣਾ ਪਵੇਗਾ। ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਹੀ ਹੋਰ ਨਵੇਂ ਨਿਵੇਸ਼ਕ ਪੰਜਾਬ ਆਉਣਗੇ ਪਰ ਜੇਕਰ ਤੁਸੀਂ ਆਪਣੇ ਝੂਠੇ ਵਾਅਦਿਆਂ ਤੇ ਧੋਖੇ ਦੀ ਨੀਤੀ ਜਾਰੀ ਰੱਖੀ ਤਾਂ ਫਿਰ ਪੰਜਾਬ 'ਚ ਸਨਅਤੀ ਸੈਕਟਰ ਲਈ ਕੋਈ ਭਵਿੱਖ ਨਹੀਂ ਰਹੇਗਾ।


author

Babita

Content Editor

Related News