ਸੁਖਬੀਰ ਵਲੋਂ ਕੇਂਦਰੀ ਬਜਟ ਦੀ ਤਾਰੀਫ਼ ਨਿਰੀ ਚਾਪਲੂਸੀ : ਕੈਪਟਨ

Monday, Feb 03, 2020 - 03:50 PM (IST)

ਸੁਖਬੀਰ ਵਲੋਂ ਕੇਂਦਰੀ ਬਜਟ ਦੀ ਤਾਰੀਫ਼ ਨਿਰੀ ਚਾਪਲੂਸੀ : ਕੈਪਟਨ

ਚੰਡੀਗੜ੍ਹ (ਅਸ਼ਵਨੀ) : ਕੇਂਦਰੀ ਬਜਟ 2020-21 ਨੂੰ ਕਿਸਾਨੀ ਪੱਖੀ ਅਤੇ ਗਰੀਬ ਪੱਖੀ ਕਰਾਰ ਦੇਣ ਵਾਲੇ ਸੁਖਬੀਰ ਬਾਦਲ ਦੀ ਟਿੱਪਣੀ ਦਾ ਖੰਡਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਚਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਵੱਡੇ ਦਾਅਵਿਆਂ ਨੂੰ ਨਿਰੀ ਚਾਪਲੂਸੀ ਤੇ ਬੇਸ਼ਰਮੀ ਦਾ ਪ੍ਰਗਟਾਵਾ ਦੱਸਿਆ। ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟਾਈ ਕਿ ਖੇਤੀ ਮਾਹਿਰਾਂ ਅਤੇ ਕਿਸਾਨ ਸੰਗਠਨਾਂ ਵਲੋਂ ਠੁਕਰਾਏ ਗਏ ਕੇਂਦਰੀ ਬਜਟ 'ਚ ਸੁਖਬੀਰ ਨੂੰ ਕਿਸਾਨੀ ਲਈ ਕਿਹੜਾ ਸਕਾਰਾਤਮਕ ਪੱਖ ਦਿਖਿਆ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ 'ਚ ਅੰਨ੍ਹੀ ਭਾਜਪਾ ਨੂੰ ਤਾਂ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਕੀ ਦਿਸਣੀਆਂ ਸਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸੱਤਾਧਾਰੀ ਧਿਰ ਦੇ ਪਿਆਰ 'ਚ ਇੰਨਾ ਗਲਤਾਨ ਹੋ ਚੁੱਕਾ ਹੈ ਕਿ ਉਸ ਨੂੰ ਵੀ ਇਸ ਆਡੰਬਰੀ ਬਜਟ 'ਚ ਕੁਝ ਗਲਤ ਨਹੀਂ ਦਿਸਿਆ। ਮੁੱਖ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ 'ਚ ਸੂਬੇ ਦੇ ਤਿੰਨ ਮੰਤਰੀ ਹੋਣ ਦੇ ਬਾਵਜੂਦ ਭਾਜਪਾ-ਅਕਾਲੀ ਗਠਜੋੜ ਨਾ ਸਿਰਫ ਪੰਜਾਬ ਸਗੋਂ ਦੇਸ਼ ਭਰ 'ਚ ਵੱਡੇ ਪੱਧਰ 'ਤੇ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਕਿਸਾਨਾਂ ਲਈ ਕਰਜ਼ਾ ਰਾਹਤ ਸਕੀਮ ਸੁਰੱਖਿਅਤ ਕਰਨ 'ਚ ਅਸਫਲ ਰਿਹਾ ਹੈ।

ਖੇਤੀਬਾੜੀ ਸੈਕਟਰ ਲਈ 15 ਲੱਖ ਕਰੋੜ ਰੁਪਏ ਦੇ ਬਜਟ ਅਲਾਟਮੈਂਟ ਦੀ ਸ਼ਲਾਘਾ ਕਰਨ ਵਾਲੇ ਸੁਖਬੀਰ ਦੀ ਪ੍ਰਤੀਕਿਰਿਆ 'ਤੇ ਸਵਾਲ ਉਠਾਉਂਦਿਆਂ ਕੈਪਟਨ ਅਮਰਿੰਦਰ ਨੇ ਪੁੱਛਿਆ ਕਿ ਅਕਾਲੀ ਆਗੂ ਇਹ ਸਪੱਸ਼ਟ ਕਰਨ ਕਿ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰਾਂ ਲਈ ਪਿਛਲੇ ਸਾਲ ਨਾਲੋਂ ਸਿਰਫ਼ 10 ਫੀਸਦੀ ਦੇ ਵਾਧੇ ਨਾਲ ਕਿਸਾਨਾਂ ਨੂੰ ਦਰਪੇਸ਼ ਕਰਜ਼ੇ ਦੇ ਗੰਭੀਰ ਸੰਕਟ ਨਾਲ ਨਜਿੱਠਣ ਲਈ ਕਿਵੇਂ ਕਾਫ਼ੀ ਸਮਝਦੇ ਹਨ? ਉਨ੍ਹਾਂ ਕਿਹਾ ਕਿ ਇੰਨੀ ਘੱਟ ਰਕਮ ਦੀ ਵੰਡ, ਜੋ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨੇੜੇ-ਤੇੜੇ ਵੀ ਨਹੀਂ ਜਾਪਦੀ, ਨਾਲ ਸੁਖਬੀਰ ਅਗਲੇ ਦੋ ਸਾਲਾਂ 'ਚ ਕਿਸਾਨੀ ਦੀ ਆਮਦਨੀ ਨੂੰ ਦੁੱਗਣਾ ਹੁੰਦੇ ਵੇਖਣ ਦੀ ਉਮੀਦ ਕਿਵੇਂ ਕਰ ਸਕਦੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਿਸਾਨਾਂ ਦੀ ਤਰੱਕੀ ਤੋਂ ਬਗੈਰ ਪੇਂਡੂ ਖਪਤ ਵਧਣ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਨਾਲ ਆਰਥਿਕ ਵਿਕਾਸ ਵੀ ਘਟੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਦਾ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਨਾ ਅਤੇ ਮੰਨਣਾ ਕਿ ਖੇਤੀਬਾੜੀ ਖੇਤਰ ਵਿਚ ਇਕ ਗੰਭੀਰ ਸੰਕਟ ਪੈਦਾ ਹੋ ਰਿਹਾ ਹੈ, ਅਕਾਲੀਆਂ ਦੇ ਜ਼ਮੀਨੀ ਪੱਧਰ ਤੋਂ ਪੂਰੀ ਤਰ੍ਹਾਂ ਓਪਰੇ ਵਿਵਹਾਰ ਨੂੰ ਦਰਸਾਉਂਦਾ ਹੈ। ਆਪਣੇ ਸਿਆਸੀ ਤੇ ਨਿੱਜੀ ਮੁਫਾਦਾਂ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨਾਲ ਅਜਿਹੇ ਵਰਤਾਰੇ ਨੇ ਹੀ ਅਕਾਲੀਆਂ ਦੇ ਸਿਆਸੀ ਕੱਦ ਨੂੰ ਬੌਣਾ ਕਰ ਛੱਡਿਆ ਹੈ। ਉਨ੍ਹਾਂ ਪੁੱਛਿਆ ਕਿ “ਕੋਈ ਹੋਰ ਕਿਵੇਂ ਦੱਸ ਸਕਦਾ ਹੈ ਕਿ ਸੁਖਬੀਰ ਇਹ ਸਵੀਕਾਰ ਕਰਨ 'ਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਕਿ ਉਸ ਦੇ ਆਪਣੇ ਰਾਜ ਦੇ ਕਿਸਾਨ ਮਦਦ ਲਈ ਪੁਕਾਰ ਰਹੇ ਹਨ, ਜਿਹੜੀ ਸਿਰਫ ਕੇਂਦਰ ਸਰਕਾਰ ਮੁਹੱਈਆ ਕਰਵਾ ਸਕਦੀ ਹੈ?”

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ 'ਚ ਬਿਹਤਰ ਕੰਮ ਕਰ ਰਹੀ ਹੈ ਜਦੋਂਕਿ ਸਾਰੀ ਸਮੱਸਿਆ ਲਈ ਲੰਬੇ ਸਮੇਂ ਦਾ ਇਕੋ ਹੱਲ ਹੈ ਕਿ ਕੌਮੀ ਪੱਧਰ 'ਤੇ ਇਕ ਸਮੁੱਚੀ ਰਾਸ਼ਟਰੀ ਨੀਤੀ ਬਣਾਈ ਜਾਵੇ, ਜਿਸ ਵਿਚ ਕਰਜ਼ਾ ਮੁਆਫੀ, ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਤੇ ਫਸਲੀ ਵਿਭਿੰਨਤਾ ਆਦਿ ਸ਼ਾਮਲ ਹੋਵੇ। ਦੁੱਖ ਦੀ ਗੱਲ ਹੈ ਕਿ ਬਜਟ ਵਿਚ ਫਸਲੀ ਵਿਭਿੰਨਤਾ ਨੂੰ ਪ੍ਰਫੁੱਲਿਤ ਕਰਨ ਲਈ ਕੁੱਝ ਨਹੀਂ ਕੀਤਾ ਗਿਆ ਜਦੋਂਕਿ ਸੱਚਾਈ ਇਹ ਹੈ ਕਿ ਅਨਾਜ ਦੇ ਬਫਰ ਸਟਾਕ ਨਾਲ ਪਹਿਲਾਂ ਹੀ ਸੂਬੇ ਅਤੇ ਕਿਸਾਨਾਂ ਉਤੇ ਤਣਾਅ ਹੈ।


author

Anuradha

Content Editor

Related News