ਇਮਰਾਨ ਖਾਨ ਪਾਸਪੋਰਟ ਦੀ ਛੋਟ ਦੇ ਐਲਾਨ ਨੂੰ ਲਾਗੂ ਕਰਨ ਲਈ ਨਿਰਦੇਸ਼ ਦੇਣ : ਸੁਖਬੀਰ

11/20/2019 1:40:56 PM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹ ਕਰਤਾਰਪੁਰ ਲਾਂਘੇ ਦੇ ਇਸਤੇਮਾਲ ਲਈ ਪਾਸਪੋਰਟ ਦੀ ਛੋਟ ਦੇ ਕੀਤੇ ਐਲਾਨ ਨੂੰ ਲਾਗੂ ਕਰਨ ਦਾ ਨਿਰਦੇਸ਼ ਦੇਣ ਅਤੇ ਨਾਲ ਹੀ ਸ਼ਰਧਾਲੂਆਂ ਕੋਲੋਂ ਲਈ ਜਾਂਦੀ 20 ਡਾਲਰ ਸਰਵਿਸ ਫੀਸ ਨੂੰ ਵੀ ਹਟਾ ਦੇਣ। ਇਥੇ ਅਕਾਲੀ ਦਲ ਪ੍ਰਧਾਨ ਨੇ ਕਿਹਾ ਹੈ ਕਿ ਭਾਵੇਂ ਕਿ ਇਮਰਾਨ ਖਾਨ ਨੇ ਐਲਾਨ ਕੀਤਾ ਸੀ ਕਿ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਦੇ ਇਸਤੇਮਾਲ ਲਈ ਪਾਸਪੋਰਟ ਦੀ ਲੋੜ ਨਹੀਂ ਪਵੇਗੀ ਅਤੇ ਇਸ ਵਾਸਤੇ ਕੋਈ ਵੀ ਪ੍ਰਮਾਣਿਤ ਪਛਾਣ ਪੱਤਰ ਕਾਫੀ ਹੋਵੇਗਾ ਪਰ ਪਾਕਿਸਤਾਨੀ ਫੌਜ ਨੇ ਬਾਅਦ ਵਿਚ ਇਹ ਕਹਿ ਦਿੱਤਾ ਸੀ ਕਿ ਸ਼ਰਧਾਲੂਆਂ ਨੂੰ ਸਿਰਫ ਪਾਸਪੋਰਟ ਵਾਲਾ ਪਛਾਣ ਪੱਤਰ ਦੇਖ ਕੇ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ।

ਇਮਰਾਨ ਖਾਨ ਨੂੰ ਪਾਕਿਸਤਾਨ ਸਰਕਾਰ ਨੂੰ ਸ਼ਰਧਾਲੂਆਂ ਕੋਲੋਂ ਪਾਸਪੋਰਟ ਤੋਂ ਇਲਾਵਾ ਕੋਈ ਵੀ ਪ੍ਰਮਾਣਿਕ ਪਛਾਣ ਪੱਤਰ ਸਵੀਕਾਰ ਕਰਨ ਦਾ ਨਿਰਦੇਸ਼ ਦੇਣ ਲਈ ਆਖਦਿਆਂ ਬਾਦਲ ਨੇ ਕਿਹਾ ਕਿ ਲੋੜ ਪੈਣ 'ਤੇ ਪਾਕਿਸਤਾਨ ਇਸ ਸਬੰਧੀ ਭਾਰਤ ਨਾਲ ਹੋਏ ਸਮਝੌਤੇ 'ਚ ਵੀ ਸੋਧ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਇਹ ਸੋਚਿਆ ਗਿਆ ਸੀ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ ਪਰ ਸਿਰਫ 400 ਜਾਂ 500 ਸ਼ਰਧਾਲੂਆਂ ਵਲੋਂ ਇਸ ਲਾਂਘੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੈਨੂੰ ਇਹ ਫੀਡਬੈਕ ਮਿਲੀ ਹੈ ਕਿ ਪੇਂਡੂ ਖੇਤਰਾਂ 'ਚ ਰਹਿੰਦੇ ਬਹੁਤੇ ਲੋਕਾਂ ਕੋਲ ਪਾਸਪੋਰਟ ਹੀ ਨਹੀਂ ਹੈ। ਦਰਸ਼ਨਾਂ ਲਈ ਜਾਣ ਵਾਸਤੇ ਸਿਰਫ ਪਾਸਪੋਰਟ ਬਣਾਉਣ 'ਤੇ ਹੀ 2000 ਰੁਪਏ ਖਰਚ ਹੋ ਜਾਂਦੇ ਹਨ। ਉੁਨ੍ਹਾਂ ਕਿਹਾ ਕਿ ਜ਼ਿਆਦਾਤਰ ਸ਼ਰਧਾਲੂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਤੀਰਥ ਅਸਥਾਨ 'ਤੇ ਜਾਂਦੇ ਹਨ। ਜਿਸ ਦਾ ਅਰਥ ਹੈ ਕਿ ਇਕ ਔਸਤ ਪਰਿਵਾਰ ਨੂੰ ਅੱਠ ਹਜ਼ਾਰ ਰੁਪਏ ਸਿਰਫ਼ ਪਾਸਪੋਰਟ ਬਣਾਉਣ 'ਤੇ ਖਰਚ ਕਰਨੇ ਪੈਣਗੇ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਪਹੁੰਚਣ ਦੇ ਬਾਕੀ ਖਰਚੇ ਵੱਖਰੇ ਹੋਣਗੇ।

ਉਨ੍ਹਾਂ ਕਿਹਾ ਕਿ ਜੇਕਰ ਇਸ 'ਚ 20 ਡਾਲਰ ਦੀ ਸਰਵਿਸ ਫੀਸ ਨੂੰ ਵੀ ਜੋੜ ਲਿਆ ਜਾਵੇ ਤਾਂ 4 ਬੰਦਿਆਂ ਦੇ ਇਕ ਪਰਿਵਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ 15 ਹਜ਼ਾਰ ਰੁਪਏ ਖਰਚਣੇ ਪੈਣਗੇ। ਉਨ੍ਹਾਂ ਕਿਹਾ ਕਿ ਇੰਨਾ ਖਰਚਾ ਕਰਨਾ ਗਰੀਬ ਤਬਕਿਆਂ ਦੇ ਵਸ ਤੋਂ ਬਾਹਰ ਹੁੰਦਾ ਹੈ। ਸੁਖਬੀਰ ਨੇ ਕਿਹਾ ਕਿ ਮੌਜੂਦਾ ਸਮੇਂ ਸਿਵਾਏ ਸ਼ਨਾਖਤੀ ਮੰਤਵਾਂ ਤੋਂ ਇਲਾਵਾ ਪਾਸਪੋਰਟ ਦਾ ਹੋਰ ਕੋਈ ਇਸਤੇਮਾਲ ਨਹੀਂ ਹੁੰਦਾ ਹੈ ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਕੋਈ ਵੀਜ਼ਾ ਜਾਰੀ ਨਹੀਂ ਕੀਤਾ ਜਾਂਦਾ ਹੈ ਅਤੇ ਨਾ ਹੀ ਪਾਸਪੋਰਟ 'ਤੇ ਕੋਈ ਮੋਹਰ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਸਿਰਫ ਆਮਦ ਅਤੇ ਵਾਪਸੀ ਦੀ ਸਲਿਪ ਦਿੱਤੀ ਜਾ ਰਹੀ ਹੈ। ਇਹ ਸਭ ਦੂਜੇ ਪ੍ਰਮਾਣਿਤ ਪਛਾਣ ਪੱਤਰ ਦੇਖ ਕੇ ਵੀ ਹੋ ਸਕਦਾ ਹੈ।


Anuradha

Content Editor

Related News