ਸੁਖਬੀਰ ਦਾ ਸਖਤ ਫਰਮਾਨ, ਪਹਿਲਾਂ ਭਰਤੀ ਫਿਰ ਚਿੱਠੀ!
Monday, Jul 08, 2019 - 12:46 PM (IST)
ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ 'ਚ ਕੀਤੀ ਕੋਰ ਕਮੇਟੀ ਦੀ ਮੀਟਿੰਗ 'ਚ ਜੋ ਸਖਤ ਫੈਸਲੇ ਲਏ ਹਨ, ਉਨ੍ਹਾਂ 'ਚ ਇਹ ਫੈਸਲਾ ਵੀ ਲਿਆ ਗਿਆ ਕਿ ਹੁਣ ਅਕਾਲੀ ਦਲ 'ਚ ਅਹੁਦੇ ਦੀ ਚਿੱਠੀ ਕਿਸੇ ਗੱਲ 'ਤੇ ਹੀ ਮਿਲੇਗੀ। ਇਸ ਲਈ ਹੁਣ ਅਕਾਲੀ ਦਲ ਨੇ ਬਕਾਇਦਾ ਭਰਤੀ ਖੋਲ੍ਹ ਦਿੱਤੀ ਹੈ ਅਤੇ ਸਹੀ ਤਰੀਕੇ ਦੀ ਭਰਤੀ ਜੋ ਜ਼ਿਆਦਾ ਤੋਂ ਜ਼ਿਆਦਾ ਅਤੇ ਈਮਾਨਦਾਰੀ ਨਾਲ ਕਰੇਗਾ ਅਤੇ ਉਸ ਦੀ ਭਰਤੀ ਠੀਕ ਹੋਵੇਗੀ ਤਾਂ ਫਿਰ ਉਸ ਦੀ ਭਰਤੀ ਦੇਖ ਕੇ ਡੈਲੀਗੇਟ ਜਾਂ ਪਾਰਟੀ 'ਚ ਕੋਈ ਸਨਮਾਨਯੋਗ ਅਹੁਦਾ ਤਦ ਹੀ ਮਿਲੇਗਾ। ਇਹ ਨਹੀਂ ਕਿ ਕਿਸੇ ਦੀ ਸਿਫਾਰਿਸ਼ ਜਾਂ ਫਰਜ਼ੀ ਭਰਤੀ ਕਰ ਕੇ ਅਹੁਦਾ ਹਾਸਲ ਕੀਤਾ ਜਾ ਸਕੇ।
ਇਹ ਗੱਲਾਂ ਹੁਣ ਬੀਤੇ ਸਮੇਂ ਦੀਆਂ ਹੋਣਗੀਆਂ ਕਿਉਂਕਿ ਮੀਟਿੰਗ 'ਚ ਲੋਕ ਸਭਾ ਚੋਣਾਂ ਹਾਰੇ ਉਮੀਦਵਾਰ ਨੇ ਕਿਹਾ ਕਿ ਪ੍ਰਧਾਨ ਜੀ ਅਸੀਂ ਤਾਂ ਹੈਰਾਨ ਸੀ, ਓਨੇ ਪਾਰਟੀ ਕੋਲ ਵਰਕਰ ਨਹੀਂ, ਜਿੰਨੇ ਅਹੁਦੇਦਾਰ ਸਾਡੀ ਚੋਣ 'ਚ ਸਾਨੂੰ ਮਿਲੇ ਹਨ। ਪਤਾ ਨਹੀਂ ਇਹ ਆਗੂ ਤੁਹਾਡੇ ਤੋਂ ਕਿਵੇਂ ਅਹੁਦੇਦਾਰੀ ਦੀਆਂ ਚਿੱਠੀਆਂ ਲੈ ਗਏ। ਪਤਾ ਲੱਗਾ ਹੈ ਕਿ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਨੇ ਜਿੱਤ ਦਰਜ ਕਰਨ ਲਈ ਰਿਓੜੀਆਂ ਵਾਂਗ ਅਹੁਦੇਦਾਰੀਆਂ ਵੰਡ ਦਿੱਤੀਆਂ ਸਨ ਅਤੇ ਅਕਾਲੀ ਦਲ ਦਾ ਹਰ ਚੌਥਾ ਵਿਅਕਤੀ ਅਹੁਦੇਦਾਰੀ ਦੀ ਚਿੱਠੀ ਕੱਢ ਕੇ ਦਿਖਾ ਰਿਹਾ ਸੀ, ਜਿਸ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋਣ ਦੀ ਖਬਰ ਹੈ।