ਹਰਿਆਣਾ ''ਚ ''ਸ਼ਾਹ'' ਦੇ ਹੁੰਦਿਆਂ ਨਹੀਂ ਗਲੇਗੀ ਸੁਖਬੀਰ ਦੀ ਦਾਲ

06/18/2019 9:34:20 AM

ਲੁਧਿਆਣਾ (ਮੁੱਲਾਂਪੁਰੀ) : ਗੁਆਂਢੀ ਸੂਬੇ ਹਰਿਆਣੇ 'ਚ ਅਕਤੂਬਰ ਦੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਦੀ ਜਿਉਂ-ਜਿਉਂ ਤਰੀਕ ਨੇੜੇ ਆਉਂਦੀ ਜਾ ਰਹੀ ਹੈ ਤਿਉਂ-ਤਿਉਂ ਭਾਜਪਾ ਦੀ ਪੰਜਾਬ ਵਿਚਲੀ ਹਮਖਿਆਲੀ ਪਾਰਟੀ ਅਕਾਲੀ ਦਲ ਵੱਲੋਂ ਇਸ ਵਾਰ ਹਰਿਆਣੇ 'ਚ ਦੋ ਦਰਜਨ ਹਲਕਿਆਂ 'ਚ ਚੋਣ ਲੜਨ ਦੀਆਂ ਵਿਊਂਤਾਂ ਲਾਈਆਂ ਜਾ ਰਹੀਆਂ ਪਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਇਨ੍ਹਾਂ ਵਿਊਂਤਾਂ ਨੂੰ ਸਫਲ ਨਹੀਂ ਹੋਣ ਦੇਣਗੇ।

ਜਾਣਕਾਰ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣੇ 'ਚ ਆਪਣੇ ਪੱਧਰ 'ਤੇ ਸਰਵੇ ਕਰਾਇਆ ਹੈ, ਜਿਸ ਰਿਪੋਰਟ ਨੂੰ ਅੱਗੇ ਰੱਖ ਕੇ ਦੋ ਦਰਜਨ ਹਲਕਿਆਂ ਦੀਆਂ ਸੀਟਾਂ ਦੀ ਮੰਗ ਕਰ ਸਕਦੇ ਹਨ, ਜਦੋਂ ਕਿ ਦੂਜੇ ਪਾਸੇ ਭਾਜਪਾ ਨੂੰ ਇਸ ਗੱਲ ਦਾ ਪੂਰਾ ਇਲਮ ਹੈ ਕਿ ਸ਼੍ਰੋਮਣੀ ਅਕਾਲੀ ਹਰਿਆਣੇ 'ਚ 2 ਜਾਂ 3 ਹਲਕਿਆਂ 'ਚ ਚੋਣ ਲੜ ਕੇ ਜਿੱਤ ਵੱਲ ਵਧ ਸਕਦਾ ਹੈ। ਇਸ ਤੋਂ ਅੱਗੇ ਉਨ੍ਹਾਂ ਨੂੰ ਟਿਕਟਾਂ ਦੇਣਾ, ਟਿਕਟਾਂ ਖਰਾਬ ਕਰਨ ਦੇ ਬਰਾਬਰ ਹੋਵੇਗਾ।

ਸੂਤਰਾਂ ਨੇ ਦੱਸਿਆ ਕਿ ਇਸ ਲਈ ਸੁਖਬੀਰ ਸਿੰਘ ਬਾਦਲ, ਜੋ ਹਰਿਆਣੇ 'ਚ ਆਪਣੀ ਸਿਆਸੀ ਦਾਲ ਰਿੰਨ੍ਹਣ ਦੀ ਵਿਊਂਤ ਬਣਾ ਰਹੇ ਹਨ, ਭਾਜਪਾ ਦੇ ਕੌਮੀ ਪ੍ਰਧਾਨ ਸ਼ਾਹ ਦੇ ਹੁੰਦਿਆਂ ਕਿਸੇ ਕੀਮਤ 'ਤੇ ਨਹੀਂ ਗਲੇਗੀ। ਸੂਤਰਾਂ ਨੇ ਦੱਸਿਆ ਸਿਰਫ 2 ਜਾਂ 3 ਸੀਟਾਂ 'ਤੇ ਸਬਰ ਕਰਨਾ ਪਵੇਗਾ ਕਿਉਂਕਿ ਭਾਜਪਾ ਦੇ ਕੌਮੀ ਪ੍ਰਧਾਨ ਹਰਿਆਣੇ 'ਚ ਸ਼ਾਹਾਂ ਦੇ ਸ਼ਾਹ ਹੋਣਗੇ। ਬਾਕੀ ਸੂਤਰਾਂ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਪੰਜਾਬ ਦੇ ਤਾਜ਼ੇ ਹਾਲਾਤ ਦੀ ਰਿਪੋਰਟ ਵੀ ਭਾਜਪਾ ਕੋਲ ਪੁੱਜ ਗਈ ਹੈ ਕਿ ਸਾਰੇ ਅਕਾਲੀਆਂ ਦਾ ਹਾਰ ਜਾਣਾ ਅਤੇ ਸਿਰਫ ਬਾਦਲ ਪਰਿਵਾਰ ਦਾ ਜਿੱਤਣਾ, ਜਦੋਂ ਕਿ ਉਸ ਦੇ ਬਰਾਬਰ ਭਾਜਪਾ ਵਲੋਂ 3 ਸੀਟਾਂ 'ਤੇ ਚੋਣ ਲੜਨਾ ਅਤੇ 2 ਸੀਟਾਂ 'ਤੇ ਜਿੱਤਣਾ ਕਿਸੇ ਤੋਂ ਛੁਪਿਆ ਨਹੀਂ। ਇਸ ਲਈ ਭਾਜਪਾ, ਅਕਾਲੀ ਦਲ ਨੂੰ ਸਾਰੇ ਜੋੜ-ਤੋੜ ਲਾ ਕੇ 2 ਜਾਂ 3 ਸੀਟਾਂ ਹੀ ਦੇਵੇਗੀ। ਉਸ 'ਤੇ ਅਕਾਲੀ ਸਬਰ ਕਰਦੇ ਹਨ ਜਾਂ ਨਹੀਂ ਇਹ ਸਮਾਂ ਦੱਸੇਗਾ।


Babita

Content Editor

Related News