ਸੈਮ ਪਿਤਰੋਦਾ ਦੀਆਂ ਟਿੱਪਣੀਆਂ ਬੇਹੱਦ ਸ਼ਰਮਨਾਕ ਅਤੇ ਦੁਖਦਾਈ : ਸੁਖਬੀਰ ਬਾਦਲ

Friday, May 10, 2019 - 12:52 PM (IST)

ਸੈਮ ਪਿਤਰੋਦਾ ਦੀਆਂ ਟਿੱਪਣੀਆਂ ਬੇਹੱਦ ਸ਼ਰਮਨਾਕ ਅਤੇ ਦੁਖਦਾਈ : ਸੁਖਬੀਰ ਬਾਦਲ

ਬਠਿੰਡਾ (ਜ. ਬ.) : ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 1984 'ਚ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ 'ਬੀਤੇ ਸਮੇਂ ਦੀ ਗੱਲ' ਆਖਣ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਿਆਸੀ ਸਲਾਹਕਾਰ ਸੈਮ ਪਿਤਰੋਦਾ ਦੀ ਸਖ਼ਤ ਨਿੰਦਾ ਕਰਦਿਆਂ ਉਸ ਦੀਆਂ ਟਿੱਪਣੀਆਂ ਨੂੰ ਇਕ ਬਹੁਤ ਹੀ ਸ਼ਰਮਨਾਕ ਅਤੇ ਦੁਖਦਾਈ ਹਰਕਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ '1984 'ਚ ਦੰਗੇ ਹੋਏ ਸਨ, ਫਿਰ ਕੀ ਹੈ?' ਕਹਿ ਕੇ ਪਿਤਰੋਦਾ ਨੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ।

ਸੁਖਬੀਰ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਦਿਨਾਂ ਤੋਂ ਪਿਤਰੋਦਾ ਗਾਂਧੀ ਪਰਿਵਾਰ ਦੇ ਕਾਫੀ ਨੇੜੇ ਰਿਹਾ ਹੈ ਅਤੇ ਅਜੇ ਵੀ ਰਾਹੁਲ ਗਾਂਧੀ ਦਾ ਮੁੱਖ ਸਿਆਸੀ ਸਲਾਹਕਾਰ ਹੈ। ਉਸ ਦੀਆਂ ਟਿੱਪਣੀਆਂ ਨੇ ਗਾਂਧੀਆਂ ਦੀ ਮਾਨਸਿਕਤਾ ਨੂੰ ਉਜਾਗਰ ਕਰ ਦਿੱਤਾ ਹੈ। ਇਹ ਟਿੱਪਣੀਆਂ ਇਸ ਗੱਲ ਦਾ ਤਾਜ਼ਾ ਸਬੂਤ ਹਨ ਕਿ ਕਿਸੇ ਨੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਦਿੱਤਾ ਸੀ। ਇਨ੍ਹਾਂ ਟਿੱਪਣੀਆਂ ਤੋਂ ਅਜੇ ਤਕ ਵੀ ਖੁਦ ਨੂੰ ਵੱਖ ਨਾ ਕਰਕੇ ਰਾਹੁਲ ਗਾਂਧੀ ਨੇ ਵੀ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰ ਦਿੱਤੀ ਹੈ, ਜੋ ਬਹੁਤ ਹੀ ਸ਼ਰਮਨਾਕ ਹਰਕਤ ਹੈ। ਕੀ ਕਿਸੇ ਨੂੰ ਅਜੇ ਵੀ ਸ਼ੱਕ ਹੈ ਕਿ ਕੀ ਰਾਜੀਵ ਗਾਂਧੀ ਨੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਦਿੱਤਾ ਸੀ ਜਾਂ ਨਹੀਂ?

ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੁੱਛਿਆ ਕਿ ਕੀ ਉਹ ਸਿੱਖਾਂ ਦੀ ਅਣਖ ਰੋਲ ਕੇ ਅਜੇ ਵੀ ਕਾਂਗਰਸ ਅੰਦਰ ਟਿਕਿਆ ਰਹੇਗਾ? ਉਨ੍ਹਾਂ ਕਿਹਾ ਕਿ ਇਹ ਤੁਹਾਡੇ ਲਈ ਸਨਮਾਨਜਨਕ ਢੰਗ ਨਾਲ ਕਾਂਗਰਸ ਨੂੰ ਛੱਡਣ ਦਾ ਮੌਕਾ ਹੈ। ਵੈਸੇ ਵੀ ਤੁਸੀਂ ਇਸ ਕੁਰਸੀ ਉਤੇ ਦੋ ਹਫ਼ਤਿਆਂ ਲਈ ਹੀ ਹੋ ਅਤੇ ਤੁਹਾਡੇ ਆਪਣੇ ਹੁਕਮਾਂ ਅਨੁਸਾਰ ਚੋਣਾਂ 'ਚ ਮਾੜੀ ਕਾਰਗੁਜ਼ਾਰੀ ਵਾਲੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਅਸਤੀਫਾ ਦੇਣਾ ਪਵੇਗਾ।


author

Anuradha

Content Editor

Related News