ਟਕਸਾਲੀ ਆਗੂਆਂ ਦਾ ਬਦਲ ਨਾ ਲੱਭਣ ਕਾਰਨ ''ਸੁਖਬੀਰ'' ਪਰੇਸ਼ਾਨ

Tuesday, Dec 18, 2018 - 01:13 PM (IST)

ਟਕਸਾਲੀ ਆਗੂਆਂ ਦਾ ਬਦਲ ਨਾ ਲੱਭਣ ਕਾਰਨ ''ਸੁਖਬੀਰ'' ਪਰੇਸ਼ਾਨ

ਚੰਡੀਗੜ੍ਹ : ਪਿਛਲੇ ਕਾਫੀ ਸਮੇਂ ਤੋਂ ਵਿਦਰੋਹ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਲੋਕ ਸਭਾ ਚੋਣਾਂ-2019 ਦਾ ਰਾਹ ਸੌਖਾ ਨਹੀਂ ਹੋਵੇਗਾ। ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਆਗੂਆਂ ਨੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਅਕਾਲੀ ਦਲ ਲਈ ਲੋਕ ਸਭਾ ਚੋਣਾਂ ਨੂੰ ਫਤਿਹ ਕਰਨਾ ਮੁਸ਼ਕਲ ਹੀ ਨਹੀਂ, ਨਾ-ਮੁਮਕਿਨ ਵੀ ਹੈ। ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ਼ੇਰ ਸਿੰਘ ਘੁਬਾਇਆ ਦਾ ਬਦਲ ਨਾ ਲੱਭ ਸਕਣ ਨਾਲ ਸੁਖਬੀਰ ਬਾਦਲ ਕਾਫੀ ਪਰੇਸ਼ਾਨ ਹਨ। ਦੱਸ ਦੇਈਏ ਕਿ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ 2.54 ਲੱਖ 'ਰਾਏ ਸਿੱਖਾਂ' 'ਤੇ ਖਾਸਾ ਪ੍ਰਭਾਵ ਹੈ। 
ਪਾਰਟੀ ਸੂਤਰਾਂ ਮੁਤਾਬਕ ਸੁਖਬੀਰ ਇਨ੍ਹਾਂ ਹਾਲਾਤ 'ਚ ਫਿਰੋਜ਼ਪੁਰ 'ਚ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ 'ਚ ਉਤਾਰ ਸਕਦੇ ਹਨ ਪਰ ਫਿਰ ਪਾਰਟੀ ਨੂੰ ਬਠਿੰਡਾ ਅਤੇ ਖਡੂਰ ਸਾਹਿਬ ਦੇ ਚੋਣ ਮੈਦਾਨ 'ਚ ਉਤਾਰਨ ਲਈ ਮਜ਼ਬੂਤ ਦਾਅਵੇਦਾਰ ਲੱਭਣਾ ਪਵੇਗਾ। ਇਸ ਸਮੇਂ ਬ੍ਰਹਮਪੁਰਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਹਨ। ਜ਼ਿਕਰਯੋਗ ਹੈ ਕਿ ਘੁਬਾਇਆ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬ੍ਰਹਮਪੁਰਾ ਨੇ ਸਤੰਬਰ, 2018 'ਚ ਪਾਰਟੀ 'ਤੇ ਸੀਨੀਅਰ ਆਗੂਆਂ 'ਤੇ ਅਧਿਕਾਰਾਂ ਦੀ ਦੁਰਵਰਤੋਂ ਦਾ ਦੋਸ਼ ਲਾਉਂਦੇ ਹੋਏ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਬਾਗੀ ਟਕਸਾਲੀ ਆਗੂਆਂ ਨਾਲ ਮਿਲ ਕੇ 16 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਕੀਤਾ ਹੈ।  ਇਹ ਪਾਰਟੀ ਕੁਝ ਹੋਰ ਤਾਂ ਨਹੀਂ ਪਰ ਅਕਾਲੀ ਦਲ ਦੇ ਵੋਟ ਬੈਂਕ ਨੂੰ ਤੋੜਨ 'ਚ ਜ਼ਰੂਰ ਕਾਮਯਾਬ ਹੋਵੇਗੀ। 
ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵਲੋਂ ਚੋਣਾਂ ਲੜ ਚੁੱਕੇ ਜੇ. ਜੇ. ਸਿੰਘ ਵੀ ਨਿਜੀ ਕਾਰਨਾਂ ਕਾਰਨ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਹਨ। ਪਟਿਆਲਾ ਤੋਂ ਲੋਕ ਸਭਾ-2014 ਦੀਆਂ ਚੋਣਾਂ 'ਚ ਦੀਪਇੰਦਰ ਸਿੰਘ ਨੂੰ ਕਾਂਗਰਸੀ ਨੇਤਰੀ ਮਹਾਰਾਣੀ ਪਰਨੀਤ ਕੌਰ ਅਤੇ 'ਆਪ' ਆਗੂ ਧਰਮਵੀਰ ਗਾਂਧੀ ਦੇ ਸਾਹਮਣੇ ਉਤਾਰਿਆ ਗਿਆ ਸੀ। ਇਸ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਹੋਣ ਕਾਰਨ ਇੱਥੋਂ ਅਕਾਲੀ ਦਲ ਨੂੰ ਮਜ਼ਬੂਤ ਦਾਅਵੇਦਾਰ ਉਤਾਰਨਾ ਪਵੇਗਾ। 2009-2014 ਦੀਆਂ ਲੋਕ ਸਭਾ ਚੋਣਾਂ 'ਚ ਅਕਾਲੀ ਦਲ, ਭਾਜਪਾ ਦੇ ਨਾਲ ਗਠਜੋੜ 'ਚ ਚੋਣ ਮੈਦਾਨ 'ਚ ਉਤਰਿਆ ਸੀ। ਇਸ ਵਾਰ ਹੋ ਸਕਦਾ ਹੈ ਕਿ ਦੋਵੇਂ ਪਾਰਟੀਆਂ ਸੀਟਾਂ 'ਚ ਫੇਰਬਦਲ ਕਰਕੇ ਮਜ਼ਬੂਤ ਦਾਅਵੇਦਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਦੇਣ। 
 


author

Babita

Content Editor

Related News