ਗੈਰ-ਕਾਨੂੰਨੀ ਮਾਈਨਿੰਗ ਅਤੇ ਗੁੰਡਾ ਟੈਕਸ ਵਸੂਲਣ ''ਤੇ ਸੁਖਬੀਰ ਬਾਦਲ ਦੀ ਅਧਿਕਾਰੀਆਂ ਨੂੰ ਚੇਤਾਵਨੀ

12/11/2019 11:54:18 PM

ਮੋਹਾਲੀ,(ਪਰਦੀਪ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜਦੋਂ ਸੂਬੇ ਅੰਦਰ ਅਕਾਲੀ-ਭਾਜਪਾ ਸਰਕਾਰ ਬਣ ਗਈ ਤਾਂ ਗੈਰ-ਕਾਨੂੰਨੀ ਮਾਈਨਿੰਗ ਅਤੇ ਗੁੰਡਾ ਟੈਕਸ ਵਸੂਲੀ ਕਰਵਾਉਣ ਵਿਚ ਸਥਾਨਕ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਬਾਕੀ ਕਾਂਗਰਸੀ ਆਗੂਆਂ ਦੀ ਮਦਦ ਕਰ ਰਹੇ ਸਿਵਲ ਅਤੇ ਪੁਲਸ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਗੈਰ-ਕਾਨੂੰਨੀ ਮਾਈਨਿੰਗ ਅਤੇ ਗੁੰਡਾ ਟੈਕਸ ਖ਼ਿਲਾਫ ਇਕ ਵੱਡੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੋਹਾਲੀ ਅੰਦਰ ਚੱਲ ਰਹੀਆਂ ਰੇਤ ਮਾਈਨਿੰਗ ਦੀਆਂ ਸਾਰੀਆਂ ਗਤੀਵਿਧੀਆਂ ਗੈਰ-ਕਾਨੂੰਨੀ ਹਨ ਕਿਉਂਕਿ ਸਰਕਾਰੀ ਰਿਕਾਰਡ ਵਿਚ ਇਸ ਜ਼ਿਲੇ ਅੰਦਰ ਕੋਈ ਵੀ ਰੇਤੇ ਦੀ ਖੱਡ ਚਾਲੂ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਖੱਡਾਂ ਦੀ ਨੀਲਾਮੀ ਕੀਤੀ ਜਾ ਚੁੱਕੀ ਹੈ ਅਤੇ ਮਾਈਨਿੰਗ ਚੱਲ ਰਹੀ ਹੈ ਪਰ ਇਸ ਵਾਸਤੇ ਅਜੇ ਤਕ ਸਰਕਾਰੀ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਦਾ ਅਰਥ ਹੈ ਕਿ ਮੋਹਾਲੀ ਅੰਦਰ ਕੀਤੀ ਜਾ ਰਹੀ ਸਾਰੀ ਮਾਈਨਿੰਗ ਗੈਰ-ਕਾਨੂੰਨੀ ਹੈ ਅਤੇ ਜਿਹੜੇ ਅਧਿਕਾਰੀ ਇਸ ਗੈਰ-ਕਾਨੂੰਨੀ ਧੰਦੇ ਨੂੰ ਰੋਕਣ ਲਈ ਕਾਰਵਾਈ ਨਹੀਂ ਕਰ ਰਹੇ ਹਨ, ਸੂਬੇ ਅੰਦਰ ਅਕਾਲੀ-ਭਾਜਪਾ ਸਰਕਾਰ ਬਣਨ 'ਤੇ ਉਨ੍ਹਾਂ ਖ਼ਿਲਾਫ ਕਾਨੂੰਨ
ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਪੁਲਸ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ
ਬਾਦਲ ਨੇ ਜ਼ਿਲਾ ਪੁਲਸ ਨੂੰ ਵੀ ਚਿਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਉਨ੍ਹਾਂ ਕਾਂਗਰਸੀ ਗੁੰਡਿਆਂ ਦਾ ਬਚਾਅ ਨਹੀਂ ਕਰਨਾ ਚਾਹੀਦਾ, ਜਿਹੜੇ ਰੇਤਾ ਅਤੇ ਬਜਰੀ ਲੈ ਕੇ ਆਉਂਦੇ ਟਰੈਕਟਰ-ਟਰਾਲੀਆਂ ਅਤੇ ਟਰੱਕਾਂ ਕੋਲੋਂ ਗੁੰਡਾ ਟੈਕਸ ਵਸੂਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੈਰ-ਕਾਨੂੰਨੀ ਟੈਕਸ ਕਰ ਕੇ ਰੇਤੇ ਦੇ ਟਰੱਕ ਦੀ ਕੀਮਤ 12 ਹਜ਼ਾਰ ਰੁਪਏ ਤੋਂ 22 ਹਜ਼ਾਰ ਰੁਪਏ ਪ੍ਰਤੀ ਟਰੱਕ ਹੋ ਚੁੱਕੀ ਹੈ, ਜਿਸ ਨਾਲ ਆਮ ਆਦਮੀ 'ਤੇ ਬੇਲੋੜਾ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 5 ਹਜ਼ਾਰ ਰੁਪਏ ਪ੍ਰਤੀ ਟਰੱਕ ਗੁੰਡਾ ਟੈਕਸ ਵਸੁਲਿਆ ਜਾ ਰਿਹਾ ਹੈ, ਜਿਸ ਵਿਚ ਪੁਲਸ ਅਧਿਕਾਰੀਆਂ ਵਲੋਂ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਗੁੰਡਾ ਟੈਕਸ ਨਾ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਖੁਦ ਇਸ ਗੁੰਡਾਗਰਦੀ ਨੂੰ ਰੋਕਣ ਲਈ ਮੌਕੇ 'ਤੇ ਪਹੁੰਚਣਗੇ।

1000 ਕਰੋੜ ਇਕੱਠੇ ਕਰਨੇ ਸਨ ਪਰ ਕਮਾਏ ਸਿਰਫ 38 ਕਰੋੜ ਰੁਪਏ
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਰੇਤੇ ਦੀਆਂ ਖੱਡਾਂ ਦੀ ਨੀਲਾਮੀ ਕਰ ਕੇ 1000 ਕਰੋੜ ਰੁਪਏ ਇਕੱਤਰ ਕਰੇਗੀ ਪਰ ਹੁਣ ਤਕ ਇਸ ਨੇ ਸਾਰੀਆਂ ਖੱਡਾਂ ਤੋਂ ਸਿਰਫ 38 ਕਰੋੜ ਰੁਪਏ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੁਲਾਈ 2019 ਵਿਚ ਨਵੀਂ ਮਾਈਨਿੰਗ ਨੀਤੀ ਤਹਿਤ ਏਕਾਧਿਕਾਰ ਕਾਇਮ ਕਰਨ ਦੇ ਮਕਸਦ ਨਾਲ 7 ਕਲੱਸਟਰਜ਼ ਬਣਾਉਣ ਮਗਰੋਂ ਸਾਰੀਆਂ ਖੱਡਾਂ ਦੀ 309 ਕਰੋੜ ਰੁਪਏ ਵਿਚ ਨੀਲਾਮੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹਰ ਤਿਮਾਹੀ 80 ਕਰੋੜ ਰੁਪਏ ਇਕੱਤਰ ਕੀਤੇ ਜਾਣੇ ਸਨ ਪਰ 2 ਤਿਮਾਹੀਆਂ ਲੰਘ ਚੁੱਕੀਆਂ ਹਨ ਅਤੇ ਅਜੇ ਤਕ ਮਾਈਨਰਜ਼ ਨੇ ਇਕ ਪੈਸਾ ਵੀ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਈਨਰਜ਼ ਨੂੰ ਜਾਣ-ਬੁੱਝ ਕੇ ਵਾਤਾਵਰਣ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਸਰਕਾਰ ਨੂੰ ਇਕ ਵੀ ਪੈਸਾ ਦਿੱਤੇ ਬਗੈਰ ਗੈਰ-ਕਾਨੂੰਨੀ ਢੰਗ ਨਾਲ ਰੇਤ ਮਾਈਨਿੰਗ ਕਰਨ ਦੀ ਆਗਿਆ ਦਿੱਤੀ ਗਈ ਹੈ।

ਕਾਂਗਰਸੀਆਂ ਵਲੋਂ ਵਸੂਲਿਆ ਜਾ ਰਿਹਾ ਗੁੰਡਾ ਟੈਕਸ
ਇਸ ਮੌਕੇ ਡੇਰਾਬੱਸੀ ਦੇ ਵਿਧਾਇਕ ਐੱਨ. ਕੇ. ਸ਼ਰਮਾ ਨੇ ਕਿਹਾ ਕਿ ਮੋਹਾਲੀ ਜ਼ਿਲੇ ਵਿਚ ਮੰਤਰੀ ਬਲਬੀਰ ਸਿੱਧੂ, ਦੀਪਇੰਦਰ ਢਿੱਲੋਂ, ਸੰਦੀਪ ਸੰਧੂ ਅਤੇ ਕੁਸ਼ਲਦੀਪ ਢਿੱਲੋਂ ਵਲੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਇਹ ਹਾਲਾਤ ਹਨ ਕਿ ਜ਼ਿਲੇ ਦੀਆਂ ਸਾਰੀਆਂ ਸ਼ਾਮਲਾਟ ਜ਼ਮੀਨਾਂ ਵਿਚ 25-25 ਫੁੱਟ ਡੂੰਘੀਆਂ ਖੱਡਾਂ ਪੁੱਟ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਰੇਤ ਮਾਫੀਆ ਨੇ ਛੱਤਬੀੜ ਚਿੜੀਆ ਘਰ ਵਾਲਾ ਇਲਾਕਾ ਵੀ ਨਹੀਂ ਛੱਡਿਆ ਹੈ, ਜਿੱਥੇ 6 ਫੁੱਟ ਡੂੰਘੀ ਖੋਦਾਈ ਕੀਤੀ ਜਾ ਚੁੱਕੀ ਹੈ।


Related News