ਸੁਖਬੀਰ ਬਾਦਲ ਵੱਲੋਂ ਪੰਥਕ ਹੋਣ ਦੇ ਕੀਤੇ ਜਾ ਰਹੇ ਨਾਟਕ ਕਿਸੇ ਕੰਮ ਨਹੀਂ ਆਉਣਗੇ : ਢੀਂਡਸਾ

Monday, Jun 13, 2022 - 03:24 PM (IST)

ਸੁਖਬੀਰ ਬਾਦਲ ਵੱਲੋਂ ਪੰਥਕ ਹੋਣ ਦੇ ਕੀਤੇ ਜਾ ਰਹੇ ਨਾਟਕ ਕਿਸੇ ਕੰਮ ਨਹੀਂ ਆਉਣਗੇ : ਢੀਂਡਸਾ

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਬੰਦੀ ਸਿੰਘਾਂ ਦਾ ਸਹਾਰਾ ਲੈ ਕੇ ਆਪਣੀ ਗੁਆਚੀ ਸਾਖ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸੁਖਬੀਰ ਸਿੰਘ ਬਾਦਲ ’ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਮੁੱਖ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਨਿਸ਼ਾਨਾ ਵਿੰਨ੍ਹਿਆ। ਸਾਬਕਾ ਵਿੱਤ ਮੰਤਰੀ ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਹੁਣ ਜੋ ਪੰਥਕ ਹੋਣ ਦੇ ਸਿਆਸੀ ਨਾਟਕ ਕੀਤੇ ਜਾ ਰਹੇ ਹਨ, ਉਹ ਕਿਸੇ ਕੰਮ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਪੰਥ ਵਿਰੋਧੀ ਨੀਤੀਆਂ ਕਾਰਨ ਬਾਦਲ ਪਰਿਵਾਰ ਆਪਣਾ ਅਕਸ ਪੂਰੀ ਤਰ੍ਹਾਂ ਖਰਾਬ ਕਰ ਚੁੱਕਾ ਹੈ। ਅਜਿਹੀ ਹਾਲਤ ’ਚ ਬਾਦਲ ਪਰਿਵਾਰ ਜ਼ਿੰਦਾ ਸ਼ਹੀਦ, ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੂੰ ਲੋਕ ਸਭਾ ਜ਼ਿਮਨੀ ਚੋਣ ਸੰਗਰੂਰ ਤੋਂ ਉਮੀਦਵਾਰ ਖੜ੍ਹਾ ਕਰਕੇ ਆਪਣੀ ਸਿਆਸਤ ਚਮਕਾਉਣ ਲਈ ਬੰਦੀ ਸਿੰਘਾਂ ਦਾ ਹਮਾਇਤੀ ਹੋਣ ਦਾ ਦਿਖਾਵਾ ਕਰ ਰਹੇ ਹਨ, ਜਦਕਿ ਬਾਦਲ ਪਰਿਵਾਰ ਦੇ ਪੰਥ ਵਿਰੋਧੀ ਕੰਮ ਕਿਸੇ ਕੋਲੋਂ ਲੁਕੇ-ਛਿਪੇ ਨਹੀਂ ਹਨ।

ਇਹ ਵੀ ਪੜ੍ਹੋ : ਕਾਂਗਰਸ ਦੇ ਕੁਝ ਹੋਰ ਸਾਬਕਾ ਮੰਤਰੀ ਜਲਦ ਹੋਣਗੇ ਸਲਾਖਾਂ ਪਿੱਛੇ !

ਢੀਂਡਸਾ ਨੇ ਅੱਗੇ ਕਿਹਾ ਕਿ ਸਿੱਖ ਕੌਮ ਦੀਆਂ ਪੰਥਕ ਸੰਸਥਾਵਾਂ ’ਚ ਆਏ ਨਿਘਾਰ ਲਈ ਬਾਦਲ ਪਰਿਵਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਵਿਧਾਨ ਸਭਾ ਚੋਣਾਂ ’ਚ ਬਾਦਲ ਦਲ ਦੀ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਬਾਦਲ ਪਰਿਵਾਰ ਪੂਰੀ ਤਰ੍ਹਾਂ ਬੌਖਲਾ ਗਿਆ ਹੈ ਅਤੇ ਅਜਿਹੀ ਸਥਿਤੀ ’ਚ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਹਿੱਤ ਚੇਤੇ ਆਉਣ ਲੱਗ ਪਏ ਹਨ ਤਾਂ ਜੋ ਪੰਥ ਅਤੇ ਪੰਜਾਬ ’ਚ ਖੁੱਸ ਚੁੱਕੀ ਆਪਣੀ ਸ਼ਾਖ਼ ਨੂੰ ਮੁੜ ਬਹਾਲ ਕੀਤਾ ਜਾ ਸਕੇ। ਸੁਖਬੀਰ ਸਿੰਘ ਬਾਦਲ ਨੇ ਬੀਬੀ ਕਮਲਦੀਪ ਕੌਰ ਨੂੰ ਬੜੀ ਹੀ ਚਲਾਕੀ ਨਾਲ ਪੰਥਕ ਵੋਟ ਇਕੱਠੀ ਕਰਨ ਲਈ ਆਪਣਾ ਸਿਆਸੀ ਮੋਹਰਾ ਬਣਾ ਕੇ ਖੜ੍ਹਾ ਕੀਤਾ ਹੈ ਪਰ ਹੁਣ ਸਿੱਖ ਕੌਮ ਬਾਦਲ ਪਰਿਵਾਰ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੀ ਹੈ ਅਤੇ ਬਾਦਲ ਦਲ ਵੱਲੋਂ ਸਿਆਸੀ ਹੱਥਕੰਡੇ ਇਸਤੇਮਾਲ ਕਰਕੇ ਮੁੜ ਆਪਣੀ ਸਿਆਸੀ ਧਰਾਤਲ ਸਥਾਪਿਤ ਕਰਨ ਲਈ ਕੀਤੇ ਜਾ ਰਹੇ ਕੋਝੇ ਯਤਨ ਕਦੇ ਵੀ ਕਾਮਯਾਬ ਨਹੀਂ ਹੋਣਗੇ।

ਇਹ ਵੀ ਪੜ੍ਹੋ : ਅਦਾਲਤੀ ਸੰਮਨ ਨੂੰ ਲੈ ਕੇ ਪੰਚਾਇਤ ਮੰਤਰੀ ਧਾਲੀਵਾਲ ’ਤੇ ਸੁਖਪਾਲ ਖਹਿਰਾ ਦਾ ਨਿਸ਼ਾਨਾ, ਕਹੀ ਇਹ ਗੱਲ

ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਦੀ ਮੌਜੂਦਾ ਬਦਹਾਲੀ ’ਚ ਸੁਖਬੀਰ ਬਾਦਲ ਦਾ ਹਾਲ ਉਸੇ ਲੱਕੜਹਾਰੇ ਵਰਗਾ ਹੈ, ਜੋ ਜਿਸ ਟਾਹਣੀ ਉੱਤੇ ਬੈਠਾ ਹੈ, ਉਸੇ ਨੂੰ ਹੀ ਵੱਢ ਰਿਹਾ ਹੈ। 100 ਸਾਲ ਤੋਂ ਵੱਧ ਪੁਰਾਣੀ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਸ਼ਾਨਾਮੱਤਾ ਇਤਿਹਾਸ ਹੈ। ਕੋਈ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ’ਚ ਕੁਰਬਾਨੀਆਂ ਕਰਨ ਵਾਲੇ ਅਤੇ ਸਿਧਾਂਤਾਂ ਉੱਤੇ ਪਹਿਰਾ ਦੇਣ ਵਾਲੇ ਆਗੂਆਂ ਦੀ ਵੀ ਬਹੁਤਤ ਹੁੰਦੀ ਸੀ ਪਰ ਜਦੋਂ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ, ਇਨ੍ਹਾਂ ਨੇ ਪਾਰਟੀ ਨੂੰ ਪ੍ਰਾਈਵੇਟ ਕੰਪਨੀ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਸੁਖਬੀਰ ਬਾਦਲ ਦੀਆਂ ਆਪਹੁਦਰੀਆਂ ਅਤੇ ਤਾਨਾਸ਼ਾਹੀ ਰਵੱਈਏ ਨੇ ਪਾਰਟੀ ਨੂੰ ਇਸ ਹੱਦ ਤਕ ਨੀਵਾਂ ਲਿਆਂਦਾ ਹੈ ਕਿ ਕਿਸੇ ਸਮੇਂ ਪੰਜਾਬ ਦੀ ਪ੍ਰਮੁੱਖ ਪਾਰਟੀ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਵਿਚ ਬੈਠਣ ਦਾ ਮੌਕਾ ਵੀ ਨਸੀਬ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : ਪੁਲਸ ਹਿਰਾਸਤ ’ਚ ਨੌਜਵਾਨਾਂ ਦੀ ਕੁੱਟਮਾਰ ਦੀ ਵੀਡੀਓ ਸ਼ੇਅਰ ਕਰ ਬੋਲੇ ਭਾਜਪਾ ਵਿਧਾਇਕ, ’’ਰਿਟਰਨ ਗਿਫ਼ਟ’


author

Manoj

Content Editor

Related News