ਸੁਖਬੀਰ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਪ੍ਰਵਾਸੀ ਪੰਜਾਬੀਆਂ ਲਈ ਹੈਲਪਲਾਈਨ ਸੈੱਲ ਸਥਾਪਿਤ ਕਰਨ ਦੀ ਅਪੀਲ

Saturday, Mar 21, 2020 - 01:25 AM (IST)

ਸੁਖਬੀਰ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਪ੍ਰਵਾਸੀ ਪੰਜਾਬੀਆਂ ਲਈ ਹੈਲਪਲਾਈਨ ਸੈੱਲ ਸਥਾਪਿਤ ਕਰਨ ਦੀ ਅਪੀਲ

ਚੰਡੀਗੜ੍ਹ, (ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰੋਨਾ ਮਹਾਮਾਰੀ ਕਾਰਣ ਵਿਦੇਸ਼ਾਂ 'ਚ ਫਸੇ ਪ੍ਰਵਾਸੀਆਂ ਅਤੇ ਬਾਕੀ ਪੰਜਾਬੀਆਂ ਦੀ ਮਦਦ ਲਈ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਬਾਦਲ ਨੇ ਸ਼ੁੱਕਰਵਾਰ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿਚ ਸਾਰੇ ਭਾਰਤੀ ਮਿਸ਼ਨਾਂ ਅੰਦਰ ਖਾਸ ਕਰ ਕੇ ਕੈਨੇਡਾ, ਅਮਰੀਕਾ, ਇੰਗਲੈਂਡ, ਇਟਲੀ, ਸਪੇਨ, ਫਰਾਂਸ, ਜਰਮਨੀ ਵਿਚ ਪੰਜਾਬੀ ਪ੍ਰਵਾਸੀਆਂ ਲਈ ਹੈਲਪਲਾਈਨ ਨੰਬਰਾਂ ਵਾਲੇ ਸਪੈਸ਼ਲ ਸੈੱਲ ਸਥਾਪਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਿਡਲ ਈਸਟ 'ਚ ਵੱਡੀ ਗਿਣਤੀ ਵਿਚ ਸਿੱਖ ਰਹਿੰਦੇ ਹਨ, ਉਨ੍ਹਾਂ ਦੀ ਮਦਦ ਲਈ ਵਿਸ਼ੇਸ਼ ਸੈੱਲ ਕਾਇਮ ਕੀਤੇ ਜਾਣ। ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਨੂੰ ਇਹ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਹੈ ਕਿ ਪ੍ਰਵਾਸੀ ਖਾਸ ਕਰ ਕੇ ਪੰਜਾਬੀ ਇਹ ਮਹਿਸੂਸ ਕਰਨ ਕਿ ਇਸ ਮੁਸ਼ਕਿਲ ਘੜੀ 'ਚ ਉਨ੍ਹਾਂ ਦੇ ਆਪਣੇ ਦੇਸ਼ ਦੀ ਸਰਕਾਰ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਬਾਦਲ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਵਿਦੇਸ਼ਾਂ ਵਿਚ ਸਾਰੇ ਭਾਰਤੀ ਮਿਸ਼ਨਾਂ ਨੂੰ ਨਿਰਦੇਸ਼ ਦੇਣ ਕਿ ਉਹ ਭਾਰਤੀ ਮੂਲ ਦੇ ਲੋਕਾਂ ਨੂੰ ਸਮੇਂ ਸਿਰ ਮਦਦ ਪਹੁੰਚਾਉਣ ਲਈ ਉਥੋਂ ਦੇ ਸਿਆਸੀ ਆਗੂਆਂ ਅਤੇ ਭਾਈਚਾਰੇ ਦੇ ਆਗੂਆਂ ਤੋਂ ਇਲਾਵਾ ਐੱਨ. ਜੀ. ਓਜ਼ ਅਤੇ ਸਮਾਜਸੇਵੀ ਸੰਗਠਨਾਂ ਨਾਲ ਸੰਪਰਕ ਕਰਨ। ਬਾਦਲ ਨੇ ਚੰਡੀਗੜ੍ਹ ਵਿਖੇ ਪਾਰਟੀ ਮੁੱਖ ਦਫ਼ਤਰ ਨੂੰ ਇਸ ਬਾਰੇ ਲਗਾਤਾਰ ਸੁਚੇਤ ਰਹਿਣ ਦਾ ਨਿਰਦੇਸ਼ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਪੰਜਾਬੀਆਂ ਦੀ ਸਹਾਇਤਾ ਲਈ ਉਹ 24 ਘੰਟੇ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਵੀ ਸਥਿਤੀ 'ਚ ਭਾਰਤ ਸਰਕਾਰ ਅਤੇ ਵਿਦੇਸ਼ਾਂ 'ਚ ਭਾਰਤੀ  ਮਿਸ਼ਨਾਂ ਦੇ ਜ਼ਰੀਏ ਪੰਜਾਬੀਆਂ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ।


author

Deepak Kumar

Content Editor

Related News