ਸੁਖਬੀਰ ਬਾਦਲ ਨੇ ਵਿਦੇਸ਼ੋਂ ਮੰਗਵਾਈ ਕੋਰੋਨਾ ਟੈਸਟਿੰਗ ਮਸ਼ੀਨ ਹਸਪਤਾਲ ਨੂੰ ਸੌਂਪੀ

Monday, Apr 27, 2020 - 08:26 PM (IST)

ਸੁਖਬੀਰ ਬਾਦਲ ਨੇ ਵਿਦੇਸ਼ੋਂ ਮੰਗਵਾਈ ਕੋਰੋਨਾ ਟੈਸਟਿੰਗ ਮਸ਼ੀਨ ਹਸਪਤਾਲ ਨੂੰ ਸੌਂਪੀ

ਜਲਾਲਾਬਾਦ, ਮੰਡੀ ਲਾਧੂਕਾ (ਸੇਤੀਆ, ਟੀਨੂੰ, ਸੁਮਿਤ, ਸੰਧੂ ) : ਮੈਂਬਰ ਲੋਕ ਸਭਾ ਹਲਕਾ ਫਿਰੋਜ਼ਪੁਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਪਹੁੰਚੇ। ਜਿੱਥੇ ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਜਾਂਚ ਲਈ ਵਿਦੇਸ਼ ਤੋਂ ਲੱਖਾਂ ਰੁਪਏ ਦੀ ਲਾਗਤ ਨਾਲ ਨਿਰਯਾਤ ਕੀਤੀ ਗਈ ਮਸ਼ੀਨ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਦੀ ਮੌਜੂਦਗੀ ਵਿਚ ਸੌਂਪਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਕੋਰੋਨਾ ਮਹਾਮਾਰੀ ਨਾਲ ਲੜਣ ਲਈ ਜਿੱਥੇ ਲੋਕਾਂ ਲਈ ਸੋਸ਼ਲ ਡਿਸਟੈਂਸੀ ਦਾ ਪਾਲਣ ਕਰਨਾ ਜ਼ਰੂਰੀ ਹੈ, ਉਥੇ ਹੀ ਕੋਰੋਨਾ ਵਾਇਰਸ ਦੀ ਜਾਂਚ ਹੋਣੀ ਜ਼ਰੂਰੀ ਹੈ। ਇਸ ਲਈ ਜਲਾਲਾਬਾਦ ਹਲਕੇ ਦੇ ਲੋਕਾਂ ਨੂੰ ਜਾਂਚ ਲਈ ਸੁਵਿਧਾ ਦੇਣ ਦੇ ਮਕਸਦ ਨਾਲ ਲੱਖਾਂ ਰੁਪਏ ਦੀ ਲਾਗਤ ਨਾਲ ਕੋਰੋਨਾ ਜਾਂਚ ਲਈ ਮਸ਼ੀਨ ਮੰਗਵਾਈ ਗਈ ਹੈ। 

ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਅੰਦਰ ਸੂਬੇ ਸਰਕਾਰ ਨੂੰ ਸਾਰਿਆਂ ਨਾਲ ਮਿਲਕੇ ਕੰਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੋਸ਼ ਲਗਾਇਆ ਗਿਆ ਜੋ ਰਾਸ਼ਨ ਕੇਂਦਰ ਸਰਕਾਰ ਵਲੋਂ ਸੂਬਾ ਸਰਕਾਰਾਂ ਨੂੰ ਵੰਡਣ ਲਈ ਦਿੱਤਾ ਗਿਆ ਸੀ ਉਹ ਰਾਸ਼ਨ ਕਾਂਗਰਸੀਆਂ ਨੇ ਆਪਣੇ ਨਿੱਜੀ ਨਾਤਿਆਂ ਤੱਕ ਹੀ ਸੀਮਿਤ ਰੱਖਿਆ ਜਦਕਿ ਇਹ ਰਾਸ਼ਨ ਆਮ ਲੋੜਵੰਦ ਲੋਕਾਂ ਤੱਕ ਪਹੁੰਚਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਰਾਸ਼ਨ ਵੰਡਣ ਦੀ ਪ੍ਰਕਿਰਿਆ ਕਾਫੀ ਭੇਦਭਾਵ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਮੰਡੀਆਂ 'ਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ 'ਚ ਕਿਸਾਨਾਂ ਨੂੰ ਪਾਸ ਨਹੀਂ ਮਿਲ ਰਹੇ ਅਤੇ ਮੰਡੀਆਂ 'ਚ ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆ ਕਾਰਣ ਆੜ੍ਹਤੀਏ ਵੀ ਪਰੇਸ਼ਾਨ ਹਨ ਅਤੇ ਨਾਲ ਹੀ ਅਦਾਇਗੀ ਨਾ ਹੋਣ ਕਾਰਣ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਪਟਿਆਲਾ ਦੇ ਏ. ਐੱਸ. ਆਈ. ਹਰਜੀਤ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਸ ਜਵਾਨ ਨੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਸਬੂਤ ਦਿੱਤਾ ਹੈ ਅਤੇ ਅਜਿਹੇ ਪੁਲਸ ਜਵਾਨਾਂ ਦਾ ਸਨਮਾਨ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਮੌਜੂਦ ਵਰਕਰਾਂ  ਨੂੰ ਸੈਨੇਟਾਈਜਰ ਤੇ ਮਾਸਕ ਵੀ ਵੰਡੇ।


author

Gurminder Singh

Content Editor

Related News