ਸੁਖਬੀਰ ਬਾਦਲ ਮੁੜ ਸੱਤਾ ਪ੍ਰਾਪਤੀ ਦੇ ਸੁਪਨੇ ਲੈਣੇ ਬੰਦ ਕਰ ਦੇਵੇ : ਧਰਮਸੌਤ

Sunday, Feb 25, 2018 - 10:11 AM (IST)

ਨਾਭਾ (ਜੈਨ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਪ-ਪ੍ਰਧਾਨ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਅੱਜ ਇੱਥੇ ਲੋਕ ਨਿਰਮਾਣ ਵਿਭਾਗ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋਸ਼ ਲਾਇਆ ਕਿ ਬੈਂਸ ਬ੍ਰਦਰਜ਼ ਘਟੀਆ ਸਿਆਸਤ ਕਰਦੇ ਰਹੇ ਹਨ। ਇਸੇ ਕਾਰਨ ਉਨ੍ਹਾਂ ਦਾ ਲੁਧਿਆਣਾ ਦੇ ਲੋਕਾਂ ਵਿਚ ਆਧਾਰ ਖਤਮ ਹੋ ਗਿਆ ਹੈ, ਜਦਕਿ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿਚ ਚੀਫ ਸੈਕਟਰੀ ਦੇ ਥੱਪੜ ਕਾਂਡ ਨੇ ਆਮ ਆਦਮੀ ਪਾਰਟੀ ਦੀ ਫੂਕ ਕੱਢ ਦਿੱਤੀ ਹੈ। ਧਰਮਸੌਤ ਨੇ ਕਿਹਾ ਕਿ ਸੁਖਬੀਰ ਬਾਦਲ ਸਭ ਤੋਂ ਵੱਡਾ ਮਹਾ-ਗੱਪੀ, ਹੰਕਾਰੀ ਤੇ ਝੂਠਾ ਸਿਆਸਤਦਾਨ ਹੈ, ਜੋ ਸੱਤਾ ਖਤਮ ਹੋਣ ਦੇ ਬਾਵਜੂਦ ਆਈ. ਜੀ. ਤੋਂ ਲੈ ਕੇ ਐੈੱਸ. ਐੈੱਚ. ਓਜ਼ ਨੂੰ ਧਮਕੀਆਂ ਦੇ ਰਿਹਾ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬਜ਼ੁਰਗ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲ ਕਿਸੇ ਗੁਰਧਾਮ ਵਿਚ ਜਾ ਕੇ ਸੇਵਾ ਕਰੇ। ਮੁੜ ਸੱਤਾ ਪ੍ਰਾਪਤੀ ਦੇ ਸੁਪਨੇ ਲੈਣੇ ਬੰਦ ਕਰ ਦੇਵੇ। ਧਰਮਸੌਤ ਨੇ ਅੱਗੇ ਕਿਹਾ ਕਿ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇਸ਼ ਨੂੰ ਬਰਬਾਦ ਕਰ ਰਹੀ ਹੈ, ਜਿਸ ਕਰ ਕੇ 2019 ਵਿਚ ਉਨ੍ਹਾਂ ਦਾ ਸਫਾਇਆ ਹੋ ਜਾਵੇਗਾ। 
ਇਸ ਮੌਕੇ ਸਾਬਕਾ ਕੌਂਸਲ ਪ੍ਰਧਾਨ ਤੇ ਸੀਨੀਅਰ ਕੌਂਸਲਰ ਗੁਰਬਖਸ਼ੀਸ਼ ਸਿੰਘ ਭੱਟੀ, ਜ਼ਿਲਾ ਕਾਂਗਰਸ ਦਿਹਾਤੀ ਜਨਰਲ ਸਕੱਤਰ ਅਮਰਦੀਪ ਸਿੰਘ ਖੰਨਾ, ਸੀਨੀਅਰ ਕੌਂਸਲਰ ਅਸ਼ੋਕ ਕੁਮਾਰ ਬਿੱਟੂ, ਪਵਨ ਕੁਮਾਰ ਗਰਗ ਬਲਾਕ ਪ੍ਰਧਾਨ ਕਾਂਗਰਸ ਸ਼ਹਿਰੀ ਤੇ ਜਗਤਾਰ ਸਿੰਘ ਸਾਧੋਹੇੜੀ ਸਾਬਕਾ ਡਾਇਰੈਕਟਰ ਪੀ. ਆਰ. ਟੀ. ਸੀ., ਅਨਿਲ ਰਾਣਾ ਤੇ ਚਰਨਜੀਤ ਬਾਤਿਸ਼ ਪੀ. ਏ. ਹਾਜ਼ਰ ਸਨ।  


Related News