ਸੁਖਬੀਰ ਬਾਦਲ ਦੇ ਅਸਤੀਫ਼ੇ ਕਾਰਨ ਵਰਕਰਾਂ ''ਚ ਮਾਯੂਸੀ, ਮੁੜ ਵਿਚਾਰ ਕਰਨ ਦੀ ਸਲਾਹ

Monday, Nov 18, 2024 - 11:20 AM (IST)

ਸੁਖਬੀਰ ਬਾਦਲ ਦੇ ਅਸਤੀਫ਼ੇ ਕਾਰਨ ਵਰਕਰਾਂ ''ਚ ਮਾਯੂਸੀ, ਮੁੜ ਵਿਚਾਰ ਕਰਨ ਦੀ ਸਲਾਹ

ਮਾਨਸਾ/ਬੁਢਲਾਡਾ (ਸੰਦੀਪ/ਮਨਜੀਤ) : ਸ਼੍ਰੋਮਣੀ ਅਕਾਲੀ ਦਲ ਅੰਦਰ ਮਚੇ ਘਮਸਾਨ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਵਰਕਰ ਮਾਯੂਸ ਹੋ ਗਏ ਹਨ। ਪਾਰਟੀ ਵਰਕਰਾਂ ਦਾ ਮੰਨਣਾ ਹੈ ਕਿ ਪਾਰਟੀ ਅੰਦਰ ਉਤਰਾਅ-ਚੜ੍ਹਾਅ, ਰੁਤਬੇ, ਸੱਤਾ ਆਉਂਦੀ-ਜਾਂਦੀ ਰਹਿੰਦੀ ਹੈ ਪਰ ਪਾਰਟੀ ਨੂੰ ਇੱਕ ਸੁਚੱਜੀ ਅਗਵਾਈ, ਪ੍ਰਧਾਨਗੀ ਦੀ ਲੋੜ ਜ਼ਰੂਰ ਪੈਂਦੀ ਹੈ, ਜਿਸ ਦੇ ਸਹਾਰੇ ਉਸ ਦਾ ਸਿਆਸੀ ਵੱਕਾਰ, ਲੋਕਾਂ 'ਚ ਪਛਾਣ ਬਣਦੀ ਹੈ। ਭਾਵੇਂ ਹੀ ਸ਼੍ਰੋਮਣੀ ਅਕਾਲੀ ਦਲ ਅੱਜ ਸੰਕਟ ਦੀ ਘੜੀ ਵਿੱਚੋਂ ਲੰਘ ਰਿਹਾ ਹੈ ਪਰ ਪਾਰਟੀ ਦੇ ਬਹੁਤ ਸਾਰੇ ਵਰਕਰਾਂ ਦਾ ਵੱਡਾ ਹਿੱਸਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਨੂੰ ਲੈ ਕੇ ਚਿੰਤਤ ਹੈ।

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਦਿਹਾਤੀ ਦੇ ਪ੍ਰਧਾਨ ਗੁਰਮੇਲ ਸਿੰਘ ਫਫੜੇ, ਸ਼੍ਰੋਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਯੂਥ ਅਕਾਲੀ ਪੰਜਾਬ ਦੇ ਕੌਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਚਹਿਲ, ਸੁਖਵਿੰਦਰ ਸਿੰਘ ਮੰਘਾਣੀਆਂ, ਰਮਨਦੀਪ ਸਿੰਘ ਗੁੜੱਦੀ, ਨਿਰਵੈਰ ਸਿੰਘ ਬੁਰਜ ਹਰੀ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ, ਇਤਿਹਾਸ, ਬਲੀਦਾਨ, ਸੰਘਰਸ਼ਾਂ, ਪੰਜਾਬ ਦੇ ਹਿੱਤਾਂ ਵਿੱਚੋਂ ਨਿਕਲੀ ਹੋਈ ਪਾਰਟੀ ਹੈ। ਇਸ ਨੂੰ ਇੰਨੀ ਜਲਦੀ ਲੋਕ ਮਨਾਂ ਵਿੱਚੋਂ ਮਨਫ਼ੀ ਨਹੀਂ ਕਰ ਸਕਦੇ। ਉਤਰਾਅ-ਚੜ੍ਹਾਅ ਵੱਖਰੀ ਗੱਲ ਹੈ, ਸੱਤਾ ਵੀ ਆਉਂਦੀ-ਜਾਂਦੀ ਰਹਿੰਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪੰਜਾਬ ਪ੍ਰਤੀ ਪੀੜ੍ਹ ਹੈ, ਜਿਸ ਨੂੰ ਸ਼ਾਇਦ ਹੀ ਕੋਈ ਹੋਰ ਪਾਰਟੀ ਸਮਝੇ।

ਉਨ੍ਹਾਂ ਦਾ ਕਹਿਣਾ ਹੈ ਕਿ ਉਂਝ ਤਾਂ ਪਾਰਟੀ ਦੀ ਅਨੁਸ਼ਾਸ਼ਕ ਕਮੇਟੀ ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਨਹੀਂ ਕਰਨਾ ਚਾਹੀਦਾ ਸੀ। ਜੇਕਰ ਪ੍ਰਵਾਨ ਕਰ ਵੀ ਲਿਆ ਤਾਂ ਪ੍ਰਧਾਨਗੀ ਦੀ ਅਗਲੀ ਚੋਣ ਵਿੱਚ ਸੁਖਬੀਰ ਬਾਦਲ ਨੂੰ ਮੁੜ ਇਹ ਕਮਾਨ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਸਰਕਾਰ ਚਲਾਉਂਦੇ ਸਮੇਂ ਜਿਸ ਤਰ੍ਹਾਂ ਪੰਜਾਬ ਦਾ ਵਿਕਾਸ, ਪੰਜਾਬੀ ਇਲਾਕਿਆਂ ਲਈ ਕੰਮ ਕੀਤੇ, ਉਨ੍ਹਾਂ ਦੀ ਅਗਵਾਈ ਵਿੱਚ ਹਮੇਸ਼ਾ ਅਕਾਲੀ ਦਲ ਤਕੜਾ ਹੋ ਕੇ ਰਿਹਾ। ਅੱਜ ਪਾਰਟੀ 'ਤੇ ਜੋ ਵਕਤ ਪਿਆ ਹੈ,  ਉਸ 'ਤੇ ਪਾਰਟੀ ਨਾਲ ਖੜ੍ਹਨ ਦੀ ਬਜਾਏ ਉਂਗਲ ਚੁੱਕਣ ਵਾਲਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨਾਲ ਹੀ ਪੰਜਾਬ ਦੇ ਹਿੱਤ ਜੁੜੇ ਹੋਏ ਹਨ।

ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਹੁਣ ਤੱਕ ਸੁਚੱਜੀ ਅਗਵਾਈ ਦਿੱਤੀ ਹੈ ਅਤੇ ਕਦੇ ਵੀ ਨਿੱਜੀ ਹਿੱਤ ਨਹੀਂ ਪੂਰੇ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਬੁਲਾਰਿਆਂ ਦੇ ਰੂਪ ਵਿੱਚ ਨਿਡਰ ਅਤੇ ਨਿਧੜਕ ਬਿਕਰਮਜੀਤ ਸਿੰਘ ਮਜੀਠੀਆ ਨੌਜਵਾਨ ਪੀੜ੍ਹੀ ਨੂੰ ਦਿਨੋਂ-ਦਿਨ ਨਾਲ ਜੋੜ ਰਹੇ ਹਨ। ਅਕਾਲੀ ਦਲ ਨੂੰ ਕਦੇ ਵੀ ਖ਼ਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਫਰੋਲਿਆ ਜਾਵੇ ਤਾਂ ਪਤਾ ਲੱਗੇਗਾ ਕਿ ਇਸ ਪਾਰਟੀ ਨੇ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਲਈ ਦੂਜਿਆਂ ਨਾਲੋਂ ਕਿੰਨੇ ਵੱਖਰੇ ਕੰਮ ਕੀਤੇ ਹਨ।

ਪਾਰਟੀ ਦਾ ਸਾਰਾ ਮਾਣਮੱਤਾ ਇਤਿਹਾਸ ਕੁਰਬਾਨੀਆਂ, ਜੇਲ੍ਹਾਂ ਕੱਟਣੀਆਂ, ਬਲੀਦਾਨ ਦੇਣੇ, ਪੰਜਾਬੀਆਂ ਦੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਉਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਸੁਖਬੀਰ ਸਿੰਘ ਬਾਦਲ ਨੇ ਆਪਣੀ ਜ਼ਮੀਰ ਦੀ ਆਵਾਜ਼ ਪਛਾਣਦਿਆਂ ਪਾਰਟੀ ਦੀ ਪ੍ਰਧਾਨਗੀ ਤੋਂ ਆਪਣੀ ਮਨਮਰਜ਼ੀ ਨਾਲ ਅਸਤੀਫ਼ਾ ਦੇ ਦਿੱਤਾ ਹੈ ਪਰ ਇਸ ਨੂੰ ਲੈ ਕੇ ਪਾਰਟੀ ਵਰਕਰ ਮਾਯੂਸ ਹਨ। ਸੁਖਬੀਰ ਬਾਦਲ ਦੇ ਅਸਤੀਫ਼ੇ ਨਾਲ ਵਰਕਰਾਂ ਦਾ ਮਨੋਬਲ ਟੁੱਟਦਾ ਹੈ। ਅੱਜ ਪਾਰਟੀ ਨੂੰ ਇੱਕਜੁੱਟ ਹੋ ਕੇ ਤਕੜਾ ਕਰਕੇ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿੱਚ ਨਰੋਆ ਅਤੇ ਮਜ਼ਬੂਤ ਬਣਾਉਣ ਦੀ ਲੋੜ ਹੈ।  


author

Babita

Content Editor

Related News