ਸੁਖਬੀਰ ਬਾਦਲ ਦੀ ਪ੍ਰੋ. ਚੰਦੂਮਾਜਰਾ ਨਾਲ ਮੋਹਾਲੀ ਵਿਖੇ ਮੀਟਿੰਗ

07/24/2020 12:42:37 PM

ਮੋਹਾਲੀ (ਪਰਦੀਪ) : ਭਾਵੇਂ ਅਜੇ ਵਿਧਾਨ ਸਭਾ ਚੋਣਾਂ ਵਿਚ 1 ਸਾਲ ਤੋਂ ਵੱਧ ਦਾ ਸਮਾਂ ਬਾਕੀ ਹੈ ਪਰ ਪੰਜਾਬ ਦੀ ਸਿਆਸਤ ਆਏ ਦਿਨ ਗਰਮਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਜਿਥੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਬਣੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਲੰਘੀਂ 7 ਜੁਲਾਈ ਨੂੰ ਮੈਂਬਰ ਰਾਜ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੰਮਾ ਸਮਾਂ ਸਕੱਤਰ ਜਨਰਲ ਰਹੇ ਸੁਖਦੇਵ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਜਿਥੇ ਇਨ੍ਹਾਂ ਦੋਵੇਂ ਦਲਾਂ ਵਲੋਂ ਆਪੋ ਆਪਣੇ ਪੱਧਰ 'ਤੇ ਅਕਾਲੀ ਦਲ ਦੇ ਨੇਤਾਵਾਂ ਅਤੇ ਬੁੱਧੀਜੀਵੀ ਵਰਗ ਨੂੰ ਆਪਣੇ ਦਲ ਨਾਲ ਜੋੜਨ ਲਈ ਯਤਨ ਲਗਾਤਾਰ ਜਾਰੀ ਹਨ, ਉਥੇ ਹੀ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖੇਮੇ ਵਲੋਂ ਇਨ੍ਹਾਂ ਦੋਵੇਂ ਦਲਾਂ ਦੀਆਂ ਸਰਗਰਮੀਆਂ ਅਤੇ ਅਹਿਮ ਨੇਤਾਵਾਂ ਵਲੋਂ ਕੀਤੀਆਂ ਜਾ ਰਹੀਆਂ ਗੁਪਤ ਮੀਟਿੰਗਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। 

ਬੀਤੇ ਕੱਲ ਸ਼ਾਮੀਂ 5 ਵਜੇ ਦੇ ਕਰੀਬ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਲੋਕ ਸਭਾ ਮੈਂਬਰ ਰਹੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਫ਼ੇਜ਼-2 ਮੋਹਾਲੀ ਵਿਖੇ ਸਥਿਤ ਗ੍ਰਹਿ ਪਹੁੰਚੇ। 2 ਘੰਟੇ ਦੇ ਕਰੀਬ ਚੱਲੀ ਇਹ ਮੀਟਿੰਗ ਸਿਰਫ ਪਰਿਵਾਰਕ ਮੀਟਿੰਗ ਹੋ ਨਿੱਬੜੀ ਇਸ ਵਿਚ ਸੁਖਬੀਰ ਸਿੰਘ ਬਾਦਲ ਅਤੇ ਪ੍ਰੋ. ਚੰਦੂਮਾਜਰਾ ਤੋਂ ਇਲਾਵਾ ਪ੍ਰੋ. ਚੰਦੂਮਾਜਰਾ ਦੇ ਬੇਟੇ ਅਤੇ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ ਅਤੇ ਐਡਵੋਕੇਟ ਸਿਮਰਨਦੀਪ ਸਿੰਘ ਚੰਦੂਮਾਜਰਾ ਵੀ ਹਾਜ਼ਨ ਸਨ, ਜਦਕਿ ਮੋਹਾਲੀ ਦਾ ਹੋਰ ਕੋਈ ਵੀ ਅਕਾਲੀ ਨੇਤਾ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਸੀ। 

ਇਸ ਮੀਟਿੰਗ ਸਬੰਧੀ ਗੱਲਬਾਤ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਮੋਹਾਲੀ ਵਿਚ ਆ ਰਹੀਆਂ ਨਗਰ ਨਿਗਮ ਚੋਣਾਂ ਸਬੰਧੀ ਅਤੇ ਹੋਰਨਾਂ ਅਹਿਮ ਮੁੱਦਿਆਂ ਤੇ ਪਾਰਟੀ ਪ੍ਰਧਾਨ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਮਜ਼ਬੂਤ ਕਰਨ ਲਈ ਵਿਸਥਾਰ ਵਿਚ ਵਿਚਾਰਾਂ ਹੋਈਆਂ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਚੰਡੀਗੜ੍ਹ ਵਿਚ ਪਾਰਟੀ ਦੇ ਮੁੱਖ ਦਫਤਰ ਵਿਚ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਵਿਚ ਸ਼ਾਮਲ ਹੋਏ ਸਨ।


Gurminder Singh

Content Editor

Related News