ਸੁਖਬੀਰ ਤੋਂ ਬਾਅਦ ਕੈਪਟਨ ਵੀ ਪੰਜਾਬੀਆਂ ਦੇ ਗੁੱਸੇ ਦਾ ਸ਼ਿਕਾਰ
Friday, Oct 25, 2019 - 12:08 AM (IST)
ਲੁਧਿਆਣਾ,(ਮੁੱਲਾਂਪੁਰੀ): ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ 'ਚ ਭਾਵੇਂ ਤਿੰਨ ਥਾਵਾਂ 'ਤੇ ਕਾਂਗਰਸ ਦੀ ਜਿੱਤ ਹੋਈ ਹੈ ਪਰ ਦੋ ਥਾਵਾਂ 'ਤੇ ਜਿੱਥੇ ਕਾਂਗਰਸ ਦੇ ਉਮੀਦਵਾਰ ਸੰਦੀਪ ਸੰਧੂ ਨੇ ਦਾਖਾ, ਉਥੇ ਜਲਾਲਾਬਾਦ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਆਪਣੇ ਵੱਕਾਰ ਦਾ ਸਵਾਲ ਬਣਾ ਕੇ ਚੋਣ ਲੜੀ ਹੈ। ਇਨ੍ਹਾਂ ਦੋਵਾਂ ਥਾਵਾਂ 'ਤੇ ਪੰਜਾਬੀਆਂ ਨੇ ਆਪਣੀ ਵੋਟ ਰਾਹੀਂ ਪੰਜਾਬ ਦੇ ਦੋ ਵੱਡੇ ਰਾਜਸੀ ਕੱਦ ਦੇ ਨੇਤਾਵਾਂ ਨੂੰ ਭਵਿੱਖ ਦਾ ਸ਼ੀਸ਼ਾ ਦਿਖਾ ਦਿੱਤਾ ਹੈ ਕਿ ਉਹ 2017 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਸ ਕਰ ਕੇ ਗੁੱਸੇ ਸਨ ਕਿ ਉਨ੍ਹਾਂ ਨੇ 10 ਸਾਲ ਨਸ਼ਾ ਤੇ ਬੇਅਦਬੀ ਮਾਮਲੇ 'ਚ ਕੁਝ ਨਹੀਂ ਕੀਤਾ। ਜਿਸ ਕਰ ਕੇ ਉਨ੍ਹਾਂ ਨੇ ਜ਼ਿਮਨੀ ਚੋਣ ਜਲਾਲਾਬਾਦ 'ਚ ਸੁਖਬੀਰ ਦੀ ਖਾਲੀ ਹੋਈ ਸੀਟ 'ਤੇ ਆਪਣੇ ਗੁੱਸੇ ਦਾ ਅਸਰ ਦਿਖਾ ਕੇ ਕਾਂਗਰਸੀ ਉਮੀਦਵਾਰ ਨੂੰ ਜਿਤਾ ਦਿੱਤਾ ਹੈ।
ਇਸੇ ਤਰ੍ਹਾਂ ਪੰਜਾਬ 'ਚ ਸੱਤਾਧਾਰੀ ਕਾਂਗਰਸ ਸਰਕਾਰ ਜਿਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ, ਉਨ੍ਹਾਂ 'ਤੇ ਪੰਜਾਬੀਆਂ ਨੇ 2017 'ਚ ਆਸ ਜਤਾਈ ਸੀ ਕਿ ਉਹ ਨਸ਼ੇ ਤੇ ਬਰਗਾੜੀ ਗੋਲੀਕਾਂਡ ਦੇ ਦੋਸ਼ੀ ਨੰਗੇ ਕਰਨਗੇ ਪਰ ਇਨ੍ਹਾਂ ਜ਼ਿਮਨੀ ਚੋਣਾਂ 'ਚ ਹਲਕਾ ਦਾਖਾ ਦੇ ਵੋਟਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਸੰਦੀਪ ਸਿੰਘ ਸੰਧੂ ਨੂੰ ਹਰਾ ਕੇ ਇਹ ਦੱਸ ਦਿੱਤਾ ਕਿ ਪੰਜਾਬ ਦੇ ਲੋਕ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਉਪਰੋਕਤ ਮਾਮਲਿਆਂ ਕਾਰਣ ਦੁਖੀ ਤੇ ਗੁੱਸੇ 'ਚ ਸਨ। ਤਾਜ਼ਾ ਚੋਣ ਨਤੀਜਿਆਂ ਨੇ ਦੱਸ ਦਿੱਤਾ ਕਿ ਜਲਾਲਾਬਾਦ 'ਚ ਸੁਖਬੀਰ ਬਾਦਲ ਤੋਂ ਬਾਅਦ ਹੁਣ ਪੰਜਾਬੀਆਂ ਦੇ ਗੁੱਸੇ ਦਾ ਜੇਕਰ ਕੋਈ ਸਿੱਧਾ-ਸਿੱਧਾ ਸ਼ਿਕਾਰ ਹੋਇਆ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹਨ।
ਦੋਵੇਂ ਚੋਣ ਨਤੀਜਿਆਂ 'ਤੇ ਜਦੋਂ ਇਕ ਬਜ਼ੁਰਗ ਰਾਜਸੀ ਨੇਤਾ ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹਾਦਰ ਵੋਟਰਾਂ ਨੇ ਦੋਵੇਂ ਵੱਡੇ ਨੇਤਾਵਾਂ ਦਾ ਹੰਕਾਰ ਤੋੜ ਦਿੱਤਾ ਹੈ। ਹੁਣ ਪੰਜਾਬ ਦੇ ਕਾਂਗਰਸੀ ਵਿਧਾਇਕ ਤੇ ਮੰਤਰੀਆਂ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਉਹ ਕਹਾਵਤ ਉਨ੍ਹਾਂ 'ਤੇ ਆਉਣ ਵਾਲੇ ਸਮੇਂ ਢੁਕੇਗੀ ਕਿ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ।