ਸੁਖਬੀਰ ਬਾਦਲ ਦੇ ਆਉਣ ''ਤੇ ਹਸਪਤਾਲ ਖਾਲੀ ਕਰਵਾਉਣਾ ਮੰਦਭਾਗਾ : ਬਲਬੀਰ ਸਿੱਧੂ
Monday, May 04, 2020 - 08:04 PM (IST)
ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) : ਕੋਵਿਡ-19 ਖਿਲਾਫ ਸਾਡਾ ਸਿਹਤ ਵਿਭਾਗ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਅਤੇ ਸਿਹਤ ਵਿਭਾਗ ਦੇ ਡਾਕਟਰ ਅਤੇ ਹੋਰ ਸਟਾਫ ਮੈਂਬਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਇਹ ਵਿਚਾਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਫਾਜ਼ਿਲਕਾ 'ਚ ਆਪਣੀ ਫੇਰੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਰਮਿੰਦਰ ਆਵਲਾ, ਵਿਧਾਇਕ ਦਵਿੰਦਰ ਘੁਬਾਇਆ,ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸੰਧੂ, ਜ਼ਿਲਾ ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ, ਸੰਦੀਪ ਜਾਖੜ, ਸਿਵਲ ਸਰਜਨ ਹਰਚੰਦ ਸਿੰਘ, ਰੰਜਮ ਕਾਮਰਾ, ਕਾਕਾ ਕੰਬੋਜ, ਸੰਜੀਵ ਤ੍ਰਿਖਾ ਅਬੋਹਰ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜ਼ਿਲਾ ਸਿਹਤ ਵਿਭਾਗ ਵਲੋਂ ਕਾਫੀ ਸੈਂਪਲ ਕੋਰੋਨਾ ਵਾਇਰਸ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ 'ਚ 416 ਰਾਜਸਥਾਨ ਨਾਲ ਮਜ਼ਦੂਰਾਂ ਅਤੇ ਸ੍ਰੀ ਨਾਂਦੇੜ ਸਾਹਿਬ ਨਾਲ ਸਬੰਧਤ ਸੰਗਤ ਨਾਲ ਸਬੰਧਤ 150 ਲੋਕਾਂ ਦੀ ਜਾਂਚ ਰਿਪੋਰਟ ਪੈਂਡਿੰਗ ਹੈ। ਜਿਨ੍ਹਾਂ ਦੀ ਰਿਪੋਰਟ ਫਰੀਦਕੋਟ ਤੋਂ ਇਕ- ਦੋ ਦਿਨਾਂ ਵਿਚ ਆ ਜਾਵੇਗੀ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਲਿਖਿਆ ਪੱਤਰ, ਛੋਟੇ ਉਦਯੋਗਾਂ ਲਈ ਕੀਤੀ ਇਹ ਅਪੀਲ
ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ਦੇ ਜਲਾਲਾਬਾਦ ਦੇ ਹਸਪਤਾਲ 'ਚ ਵਿਜ਼ਿਟ ਨੂੰ ਲੈ ਕੇ ਖਾਲੀ ਕਰਾਏ ਗਏ ਮਰੀਜ਼ਾਂ ਬਾਰੇ ਬਲਬੀਰ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਆਉਣ ਤੇ ਹਸਪਤਾਲ ਖਾਲੀ ਕਰਵਾਉਣਾ ਬਹੁਤ ਹੀ ਮੰਦਭਾਗਾ ਹੈ। ਚੰਗਾ ਹੁੰਦਾ ਜੇਕਰ ਸੁਖਬੀਰ ਸਿੰਘ ਬਾਦਲ ਉਨ੍ਹਾਂ ਮਰੀਜ਼ਾਂ ਬਾਰੇ ਜਾਣਕਾਰੀ ਲੈਂਦੇ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਚੱਲ ਰਹੇ ਜਲਾਲਾਬਾਦ ਦੇ ਹਸਪਤਾਲ 'ਚ ਪਹਿਲਾਂ ਨਾਂਦੇੜ ਸਾਹਿਬ ਤੋਂ ਆਏ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਬਾਅਦ 'ਚ ਉਨ੍ਹਾਂ ਦੇ ਕੋਰੋਨਾ ਟੈਸਟ ਹੋਏ ਅਤੇ ਇਨ੍ਹਾਂ 'ਚ ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ।
ਇਹ ਵੀ ਪੜ੍ਹੋ : ਕੋਰੋਨਾ ਨਾਲ ਲੜਨ ਲਈ ਬਿੱਟੂ ਨੇ ਦਿੱਤੇ 1 ਕਰੋੜ ਦੇ ਸਿਹਤ ਉਪਕਰਨ
ਉਨ੍ਹਾਂ ਕਿਹਾ ਕਿ ਅਕਾਲੀ ਦਲ ਸੂਬੇ 'ਚ ਪੰਜਾਬ ਸਰਕਾਰ ਦੇ ਪ੍ਰਬੰਧਾਂ ਨੂੰ ਫੇਲ ਦੱਸ ਕੇ ਰਾਜਨੀਤੀ ਖੇਡ ਰਿਹਾ ਹੈ ਜਦਕਿ ਸੁਖਬੀਰ ਬਾਦਲ ਹੀ ਅਜਿਹੇ ਵਿਜ਼ਿਟ ਕਰਕੇ ਕੋਰੋਨਾ ਦੇ ਸੰਕਟ ਨੂੰ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਵਲੋਂ ਛੁੱਟੀ 'ਤੇ ਭੇਜੇ ਮਰੀਜ਼ਾਂ ਸਬੰਧੀ ਜਾਂਚ ਕੀਤੀ ਜਾਵੇਗੀ। ਕੋਡਿਵ-19 ਦੀ ਜਾਂਚ ਲਈ ਸੁਖਬੀਰ ਬਾਦਲ ਵਲੋਂ ਸੌਂਪੀ ਗਈ ਟੈਸਟਿੰਗ ਮਸ਼ੀਨ ਦੇ ਫਰੀਦਕੋਟ ਭੇਜੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਆਖਿਰਕਾਰ ਕਿਨ੍ਹਾਂ ਕਾਰਣਾਂ ਕਰਕੇ ਪਹਿਲਾਂ ਮਸ਼ੀਨ ਇਥੇ ਦਿੱਤੀ ਗਈ ਅਤੇ ਬਾਅਦ 'ਚ ਉਸਨੂੰ ਫਰੀਦਕੋਟ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਕਾਂਗਰਸ ਨੇਤਾ ਦਿਗਵਿਜੇ ਦੀ ਸਿੱਖ ਸ਼ਰਧਾਲੂਆਂ ਖ਼ਿਲਾਫ ਟਿਪਣੀ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਨੋਟਿਸ