ਸੁਖਬੀਰ ਦੀ ਕੈਪਟਨ ਸਰਕਾਰ ਨੂੰ ਚੁਣੌਤੀ: ਸਾਬਿਤ ਕਰੋ, ਸਜ਼ਾ ਮੁਆਫ਼ੀ ਦੀ ਸਿਫਾਰਿਸ਼ ਮੈਂ ਕੀਤੀ ਸੀ

Saturday, Jun 22, 2019 - 11:06 PM (IST)

ਸੁਖਬੀਰ ਦੀ ਕੈਪਟਨ ਸਰਕਾਰ ਨੂੰ ਚੁਣੌਤੀ: ਸਾਬਿਤ ਕਰੋ, ਸਜ਼ਾ ਮੁਆਫ਼ੀ ਦੀ ਸਿਫਾਰਿਸ਼ ਮੈਂ ਕੀਤੀ ਸੀ

ਚੰਡੀਗੜ੍ਹ(ਭੁੱਲਰ)— ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕੈਪਟਨ ਸਰਕਾਰ ਨੂੰ ਇਹ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਹੈ ਕਿ ਵਾਰੀ ਤੋਂ ਪਹਿਲਾਂ ਤਰੱਕੀਆਂ ਲੈਣ ਲਈ ਇਕ ਨਿਰਦੋਸ਼ ਸਿੱਖ ਨੌਜਵਾਨ ਦਾ ਕਤਲ ਕਰਨ ਵਾਲੇ ਚਾਰ ਪੁਲਸ ਅਧਿਕਾਰੀਆਂ ਨੂੰ ਮੁਆਫੀ ਦਿੱਤੇ ਜਾਣ ਦੀ ਸਿਫਾਰਿਸ਼ ਉਨ੍ਹਾਂ ਨੇ ਕੀਤੀ ਸੀ।

ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਮੇਰੇ ਖ਼ਿਲਾਫ਼ ਅਜਿਹੇ ਝੂਠ ਫੈਲਾਉਣਾ ਇਕ ਬਹੁਤ ਹੀ ਘਿਨੌਣੀ ਹਰਕਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰੇ ਪੁਲਸ ਅਧਿਕਾਰੀਆਂ ਨੂੰ ਮੁਆਫੀ ਦੇਣ ਸੰਬੰਧੀ ਤਿਆਰ ਕੀਤੇ ਕੇਸ ਦੀ ਫਾਇਲ ਕਿਸੇ ਵੀ ਰੂਪ 'ਚ ਮੇਰੇ ਕੋਲ ਨਹੀਂ ਸੀ ਪੁੱਜੀ। ਉਨ੍ਹਾਂ ਕਿਹਾ ਕਿ ਮੈਂ ਇਹ ਸਪੱਸ਼ਟ ਕਰਨਾ ਚਾਹਾਂਗਾ ਕਿ ਅਜਿਹੀ ਕਿਸੇ ਫਾਇਲ 'ਤੇ ਮੇਰੇ ਵਲੋਂ ਦਸਤਖ਼ਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਅਕਾਲੀ ਦਲ ਪ੍ਰਧਾਨ ਨੇ ਇਸ ਮੁਦੇ 'ਤੇ ਸਰਕਾਰ ਨੂੰ ਆਪਣਾ ਪੱਖ ਸਪੱਸ਼ਟ ਕਰਨ ਅਤੇ ਸਾਰੇ ਤੱਥ ਲੋਕਾਂ ਸਾਹਮਣੇ ਰੱਖਣ ਲਈ ਆਖਿਆ। ਉਨ੍ਹਾਂ ਕਿਹਾ ਕਿ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਕਿਸ ਦੇ ਕਾਰਜਕਾਲ ਦੌਰਾਨ ਫਾਇਲ ਰਾਜਪਾਲ ਕੋਲ ਭੇਜੀ ਸੀ ਅਤੇ ਕਿਸ ਦੇ ਕਾਰਜਕਾਲ ਦੌਰਾਨ ਕਾਤਲ ਪੁਲਸ ਅਧਿਕਾਰੀਆਂ ਨੂੰ ਮੁਆਫੀ ਦੇਣ ਵਾਲੇ ਹੁਕਮ ਨੂੰ ਲਾਗੂ ਕੀਤਾ ਸੀ।


author

Baljit Singh

Content Editor

Related News