ਸੁੱਖਾ ਕਾਹਲਵਾਂ ਦਾ ਸਾਥੀ ਜਾਮਿਨ ਡੇਢ ਕਿਲੋ ਅਫੀਮ ਸਣੇ ਕਾਬੂ

07/16/2018 5:45:03 PM

ਸੰਗਰੂਰ (ਬੇਦੀ, ਬਾਵਾ, ਹਰਜਿੰਦਰ) - ਨਸ਼ਾ ਸਪਲਾਈ ਕਰਨ ਦੇ ਦੋਸ਼ 'ਚ ਪੁਲਸ ਨੇ ਸੁੱਖਾ ਕਾਹਲਵਾਂ ਦੇ ਸਾਥੀ, ਉਸ ਦੇ ਭਰਾ, ਪੁੱਤਰ ਅਤੇ ਭਤੀਜੇ ਨੂੰ 1 ਕਿਲੋ 500 ਗ੍ਰਾਮ ਅਫੀਮ ਅਤੇ ਇਕ ਸਕਾਰਪੀਓ ਗੱਡੀ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਧੂਰੀ ਨੇ ਪੁਲਸ ਪਾਰਟੀ ਨਾਲ ਮਿਲ ਕੇ ਜਾਮਿਨ ਖਾਨ ਪੁੱਤਰ ਖਚੇੜੂ ਖਾਨ, ਆਦਿਲ ਖਾਨ ਪੁੱਤਰ ਜਾਮਿਨ ਖਾਨ, ਸ਼ੌਕੀਨ ਖਾਨ ਪੁੱਤਰ ਖਚੇੜੂ ਖਾਨ, ਸ਼ਾਹਰੁਖ ਖਾਨ ਪੁੱਤਰ ਸ਼ੌਕੀਨ ਖਾਨ ਦੇ ਖਿਲਾਫ ਥਾਣਾ ਸਿਟੀ ਧੂਰੀ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਗੁਪਤ ਸੂਚਨਾ ਮਿਲਣ 'ਤੇ ਮਾਰਕਿਟ ਕਮੇਟੀ ਧੂਰੀ 'ਚ ਨਾਕਾਬੰਦੀ ਦੌਰਾਨ ਕਾਰ ਨੰ. ਪੀ.ਬੀ. 11 ਬੀ.ਬੀ. 7562 ਸਕਾਰਪੀਓ 'ਚੋਂ ਇਕ ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ, ਜਿਸ ਨੂੰ ਅਕਾਸ਼ਦੀਪ ਸਿੰਘ ਔਲਖ ਉਪ ਕਪਤਾਨ ਪੁਲਸ ਸਬ-ਡਵੀਜ਼ਨ ਧੂਰੀ ਨੇ ਮੌਕੇ 'ਤੇ ਜਾ ਕੇ ਤਸਦੀਕ ਕੀਤਾ। 
PunjabKesari

ਸੀ.ਆਰ.ਪੀ.ਐੱਫ. 'ਚ ਮੈਡੀਕਲ ਪੈਨਸ਼ਨ 'ਤੇ ਆਇਆ ਹੋਇਆ ਸੀ ਮੁੱਖ ਦੋਸ਼ੀ 
ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਗਰਗ ਨੇ ਦੱਸਿਆ ਕਿ ਦੋਸ਼ੀ ਜਾਮਿਨ ਖਾਨ ਸੀ.ਆਰ.ਪੀ.ਐੱਫ. 'ਚ ਬਤੌਰ ਸਬ ਇੰਸਪੈਕਟਰ ਸਾਲ 1982 'ਚ ਮੈਡੀਕਲ ਪੈਨਸ਼ਨ 'ਤੇ ਆਇਆ ਹੋਇਆ ਸੀ। ਕ੍ਰਿਮੀਨਲ ਕੈਟਾਗਰੀ 'ਚ ਸਰਗਰਮ ਹੋਣ ਤੋਂ ਬਾਅਦ ਇਸ ਦੀ ਸਾਲ 1997 'ਚ ਪੈਨਸ਼ਨ ਬੰਦ ਹੋ ਗਈ ਸੀ। 
ਸੁੱਖਾ ਕਾਹਲਵਾਂ ਗੈਂਗ ਦਾ ਬਣਿਆ ਸਾਥੀ 
ਜਾਮਿਨ ਦੇ ਸਬੰਧ ਸੁੱਖਾ ਕਾਹਲਵਾਂ ਕ੍ਰਿਮੀਨਲ ਗੈਂਗ ਨਾਲ ਸਨ ਤੇ ਸੁੱਖਾ ਕਾਹਲਵਾਂ ਇਸ ਦੇ ਘਰ ਠਹਿਰਦਾ ਸੀ। ਇਸ ਨੇ ਗੈਂਗ ਨਾਲ ਮਿਲ ਕੇ ਜਲੰਧਰ, ਫਤਿਹਾਬਾਦ, ਸਿਟੀ ਟੋਹਾਣਾ ਵਿਖੇ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਸ ਸਬੰਧੀ ਉਸ ਦੇ ਖਿਲਾਫ ਮਾਮਲੇ ਦਰਜ ਹਨ। ਇਸ ਦੇ ਖਿਲਾਫ਼ ਲੁੱਟਾਂ ਖੋਹਾਂ ਤੇ ਐੱਨ.ਡੀ.ਪੀ.ਐੈੱਸ.ਐਕਟ ਦੇ ਤਹਿਤ ਵੱਖ-ਵੱਖ ਥਾਣਿਆਂ 'ਚ 6 ਮਾਮਲੇ ਵੀ ਦਰਜ ਹਨ। 
ਦੁੱਧ ਰੇਲ ਗੱਡੀ ਰਾਹੀਂ ਮੱਧ ਪ੍ਰਦੇਸ਼ ਤੋਂ ਲਿਆਏ ਸੀ ਅਫੀਮ
ਐੱਸ. ਐੱਸ. ਪੀ. ਗਰਗ ਨੇ ਦੱਸਿਆ ਕਿ ਕਰੀਬ ਇਕ ਹਫ਼ਤਾ ਪਹਿਲਾਂ ਸ਼ਿਵਪੁਰੀ ਨੇੜੇ ਪਿੰਡ ਕਨਗਲਾ (ਮੱਧ ਪ੍ਰਦੇਸ਼) ਤੋਂ ਸੱਤੂ ਨਾਮ ਦੇ ਵਿਅਕਤੀ ਕੋਲੋਂ ਤਰਲ ਅਫੀਮ (ਦੁੱਧ) ਰੇਲ ਗੱਡੀ ਰਾਹੀਂ ਲੈ ਕੇ ਆਇਆ ਸੀ। ਇਸੇ ਦੌਰਾਨ ਇਸ ਦੇ ਲੜਕੇ ਆਦਿਲ ਖਾਂ ਦੇ ਨਿਕਾਹ ਦਾ ਪ੍ਰੋਗਰਾਮ ਬਣ ਗਿਆ ਅਤੇ ਉਹ ਆਪਣੇ ਲੜਕੇ, ਭਰਾ ਅਤੇ ਭਤੀਜੇ ਨਾਲ ਆਪਣੀ ਸਕਾਰਪੀਓ ਗੱਡੀ 'ਚ ਅਫੀਮ ਵਾਲਾ ਬੈਗ ਅਤੇ ਦੋ ਮਠਿਆਈ ਦੇ ਡੱਬੇ ਰੱਖ ਕੇ ਸਮਰਾਲਾ ਚੌਕ ਲੁਧਿਆਣਾ ਵਿਖੇ ਲੜਕੇ ਦੇ ਨਿਕਾਹ ਦੀ ਗੱਲਬਾਤ ਕਰਨ ਲਈ ਜਾ ਰਹੇ ਸਨ। ਉਸ ਨੇ ਇਹ ਅਫੀਮ ਏਅਰਪੋਰਟ ਰੋਡ ਜ਼ੀਕਰਪੁਰ ਵਿਖੇ ਕਿਸੇ ਡਰਾਈਵਰ ਦੀ ਮਦਦ ਨਾਲ ਬਹਾਦਰ ਸਿੰਘ ਸਰਪੰਚ ਪਿੰਡ ਮੱਟਰਾ ਨੂੰ ਦੇਣੀ ਸੀ। ਐੱਸ.ਐੱਸ.ਪੀ. ਨੇ ਕਿਹਾ ਕਿ ਕਾਬੂ ਕੀਤੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾ ਰਿਹਾ ਹੈ। 


Related News