ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ ''ਚ 8 ਮੁਲਜ਼ਮ ਬਰੀ
Tuesday, Feb 26, 2019 - 07:01 PM (IST)

ਕਪੂਰਥਲਾ : ਪੰਜਾਬ ਦੇ ਬਹੁਚਰਚਿਤ ਗੈਂਗਸਟਰ ਸੁੱਖਾ ਕਾਹਲਵਾਂ ਕਤਲ ਕਾਂਡ ਵਿਚ ਕਪੂਰਥਲਾ ਦੇ ਵਧੀਕ ਸੈਸ਼ਨ ਜੱਜ ਮੁਨੀਸ਼ ਅਰੋੜਾ ਦੀ ਅਦਾਲਤ ਨੇ ਸਾਰੇ 8 ਮੁਲਜ਼ਮਾਂ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿਚ ਖਾਸ ਗੱਲ ਇਹ ਹੈ ਕਿ ਪੁਲਸ ਅਧਿਕਾਰੀਆਂ ਅਤੇ ਮੌਕਾ-ਏ-ਵਾਰਦਾਤ 'ਤੇ ਮੌਜੂਦ ਚਸ਼ਮਦੀਦ ਗਵਾਹ ਨੇ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ 21 ਜਨਵਰੀ 2015 ਨੂੰ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਗੌਂਡਰ ਗੈਂਗ ਵਲੋਂ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਪੁਲਸ ਸੁੱਖਾ ਕਾਹਲਵਾਂ ਨੂੰ ਜਲੰਧਰ ਤੋਂ ਪੇਸ਼ੀ ਤੋਂ ਬਾਅਦ ਨਾਭਾ ਜੇਲ ਲੈ ਕੇ ਜਾ ਰਹੀ ਸੀ। ਇਸ ਦੌਰਾਨ ਫਗਵਾੜਾ ਨੇੜੇ ਹਥਿਆਰ ਬੰਦ ਗੈਂਗਸਟਰਾਂ ਨੇ ਪੁਲਸ ਦੀ ਕਸਟੱਡੀ ਵਿਚ ਹੀ ਸੁੱਖਾ ਕਾਹਲਵਾਂ ਨੂੰ ਤਾਬੜਤੋੜ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਕੇਸ ਦੀ ਸੁਣਵਾਈ ਲਗਾਤਾਰ ਐਡੀਸ਼ਨਲ ਸੈਸ਼ਨ ਜੱਜ ਕਪੂਰਥਲਾ ਮਨੀਸ਼ ਅਰੋੜਾ ਦੀ ਅਦਾਲਤ ਵਿਚ ਚੱਲ ਰਹੀ ਸੀ। ਇਸ ਕੇਸ ਵਿਚ 5 ਪੁਲਸ ਮੁਲਾਜ਼ਮਾਂ ਅਤੇ 1 ਚਸ਼ਮਦੀਦ ਨੂੰ ਗਵਾਹ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ ਜੋ ਵਾਰਦਾਤ ਸਮੇਂ ਵੈਨ ਵਿਚ ਸੁੱਖੇ ਦੇ ਨਾਲ ਮੌਜੂਦ ਸਨ।
ਇਸ ਕਤਲ ਕਾਂਡ ਵਿਚ ਪੁਲਸ ਨੇ 13 ਗੈਂਗਸਟਰਾਂ ਨੂੰ ਸ਼ਾਮਲ ਕੀਤਾ ਸੀ, ਜਿਨ੍ਹਾਂ ਵਿਚੋਂ 8 ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਹੁਣ 5 ਪੁਲਸ ਮੁਲਾਜ਼ਮਾਂ ਅਤੇ 1 ਚਸ਼ਮਦੀਦ ਗਵਾਹ ਨੇ ਸਾਰੇ 8 ਮੁਲਜ਼ਮਾਂ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਥੇ ਪੁਲਸ ਕਰਮਚਾਰੀਆਂ ਜਿਸ ਵਿਚ ਇਕ ਏ. ਐੱਸ. ਆਈ. ਅਤੇ ਇਕ ਡਰਾਈਵਰ ਵੀ ਸ਼ਾਮਲ ਹੈ ਨੇ ਕਿਹਾ ਕਿ ਫਾਇਰਿੰਗ ਵੈਨ ਦੇ ਪਿੱਛੋਂ ਹੋਈ ਸੀ, ਜਿਸ ਦੇ ਚੱਲਦੇ ਉਹ ਕਿਸੇ ਗੈਂਗਸਟਰ ਨੂੰ ਨਹੀਂ ਦੇਖ ਸਕੇ। ਜਦਕਿ ਵੈਨ ਵਿਚ ਸੁੱਖੇ ਦੇ ਨਾਲ ਮੌਜੂਦ ਚਸ਼ਮਦੀਦ ਰਾਣਾ ਪ੍ਰਤਾਪ ਨੇ ਕਿਹਾ ਕਿ ਜਦੋਂ ਫਾਇਰਿੰਗ ਹੋਈ ਤਾਂ ਪੁਲਸ ਨੇ ਉਸ ਦਾ ਸਿਰ ਹੇਠਾਂ ਕਰ ਦਿੱਤਾ ਅਤੇ ਉਹ ਕੁਝ ਦੇਖ ਨਹੀਂ ਸਕਿਆ ਅਤੇ ਉਸ ਨੂੰ ਸਿਰਫ ਗੋਲੀਆਂ ਚੱਲਣ ਦੀ ਆਵਾਜ਼ ਹੀ ਸੁਣਾਈ ਦਿੱਤੀ।
ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਕੁੱਲ 13 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 8 ਪੁਲਸ ਦੀ ਗ੍ਰਿਫਤ ਵਿਚ ਹਨ ਜਦਕਿ ਦੋ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਪੁਲਸ ਐਨਕਾਊਂਟਰ 'ਚ ਮਰ ਚੁੱਕੇ ਹਨ ਜਦਕਿ 1 ਦੀ ਪਛਾਣ ਨਹੀਂ ਹੋ ਸਕੀ ਅਤੇ ਦੋ ਭਗੌੜੇ ਹਨ।