ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਸਿਆਸਤਦਾਨਾਂ ਤੇ ਅਫਸਰਾਂ ਦੀ ਹੋ ਸਕਦੀ ਏ ਨੀਂਦ ਹਰਾਮ

02/05/2018 10:36:50 AM

ਨਾਭਾ (ਸੁਸ਼ੀਲ ਜੈਨ)-ਸੁੱਖਾ ਕਾਹਲੋਂ, ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਖੁਦ ਗੋਲੀਆਂ ਦਾ ਸ਼ਿਕਾਰ ਹੋ ਗਏ ਪਰ ਅੰਡਰ ਵਰਲਡ ਵਿਚ ਮਚੀ ਖਲਬਲੀ ਨੇ ਖੁਫੀਆ ਏਜੰਸੀਆਂ ਲਈ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਹੈ। ਆਉਣ ਵਾਲੇ ਸਮੇਂ ਵਿਚ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਸਿਆਸਤਦਾਨਾਂ ਤੇ ਅਫਸਰਾਂ ਦੀ ਨੀਂਦ ਵੀ ਹਰਾਮ ਹੋ ਸਕਦੀ ਹੈ ਕਿਉਂਕਿ ਮੈਕਸੀਮਮ ਸਕਿਓਰਿਟੀ ਜੇਲ ਨਾਭਾ ਦੇ ਵਿਦੇਸ਼ੀ ਨੈੱਟਵਰਕ ਕਾਰਨ ਹੀ ਗੈਂਗਸਟਰਾਂ ਦੇ ਗੈਂਗ ਵਿਚ ਵਾਧਾ ਹੁੰਦਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਨੇ ਸਾਲ 2011 ਵਿਚ ਆਪਣੀ ਭੈਣ ਦੇ ਵਿਆਹ ਤੋਂ ਬਾਅਦ ਘਰੋਂ ਬਾਹਰ ਰਹਿਣਾ ਆਰੰਭ ਕਰ ਦਿੱਤਾ ਸੀ। ਉਸਦੀ ਗੈਂਗਸਟਰ ਸੁੱਖਾ ਕਾਹਲੋਂ ਨਾਲ ਗੂੜੀ ਯਾਰੀ ਸੀ ਤੇ ਦੋਵੇਂ ਖਿਡਾਰੀ ਵੀ ਸਨ। ਜਲੰਧਰ ਦੇ ਸਕੂਲ, ਕਾਲਜ ਕੰਪਲੈਕਸ ਵਿਚ ਇਕੱਠੇ ਖੇਡਦੇ ਰਹੇ। ਵਿੱਕੀ ਡਿਸਕਸ ਥ੍ਰੋਅ ਦਾ ਪ੍ਰਸਿੱਧ ਖਿਡਾਰੀ ਸੀ ਪਰ ਸੁੱਖਾ ਦੇ ਗੈਂਗ ਵਿਚ ਸ਼ਾਮਲ ਹੋ ਕੇ ਉਹ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਿਆ। ਲਗਭਗ 2 ਸਾਲ ਸੁੱਖੇ ਦੇ ਪਿੰਡ ਹੀ ਉਸਦੇ ਘਰ ਰਹਿੰਦਾ ਰਿਹਾ ਪਰ 7 ਮਈ 2012 ਨੂੰ ਵਿੱਕੀ ਦੇ ਦੋਸਤ ਪਿੰ੍ਰਸ ਅਤੇ 26 ਫਰਵਰੀ 2014 ਨੂੰ ਦੀਪਾਂਸ਼ੂ ਤੇ ਸਿਮਰਨ ਦੇ ਕਤਲ ਹੋ ਗਏ। 
ਇਸ ਤੋਂ ਬਾਅਦ ਦੋਹਾਂ ਦੀ ਯਾਰੀ ਦੁਸ਼ਮਣੀ ਵਿਚ ਤਬਦੀਲ ਹੋ ਗਈ। ਵਿੱਕੀ ਨੂੰ ਸ਼ੱਕ ਸੀ ਕਿ ਇਹ ਕਤਲ ਸੁੱਖਾ ਨੇ ਕਰਵਾਏ। ਸੁੱਖਾ ਕਾਹਲੋਂ ਨਾਭਾ ਮੈਕਸੀਮਮ ਸਕਿਓਰਿਟੀ ਜੇਲ ਵਿਚ ਬੰਦ ਕਰ ਦਿੱਤਾ ਗਿਆ। ਸਥਾਨਕ ਜੇਲ 'ਚ ਜਦੋਂ ਪੁਲਸ ਭਾਰੀ ਸੁਰੱਖਿਆ ਹੇਠ ਸੁੱਖਾ ਨੂੰ ਪੇਸ਼ੀ ਭੁਗਤਾਉਣ ਲਈ ਲੈ ਕੇ ਜਾ ਰਹੀ ਸੀ ਤਾਂ 21 ਜਨਵਰੀ 2015 ਨੂੰ ਹਥਕੜੀਆਂ ਲੱਗੀਆਂ ਸਮੇਤ ਵਿੱਕੀ ਗੌਂਡਰ ਨੇ ਸੁੱਖਾ ਦਾ ਕਤਲ ਕਰ ਦਿੱਤਾ ਸੀ ਅਤੇ ਰੱਜ ਕੇ ਭੰਗੜਾ ਪਾਇਆ ਸੀ। ਜਦੋਂ ਸੁੱਖਾ ਦਾ ਕਤਲ ਹੋਇਆ ਸੀ, ਉਸ ਸਮੇਂ ਵਿੱਕੀ ਗੌਂਡਰ ਸੁਰਖੀਆਂ ਵਿਚ ਆਇਆ ਅਤੇ ਇਸ ਹੱਤਿਆਕਾਂਡ ਤੋਂ ਬਾਅਦ ਵਿੱਕੀ ਇੱਥੇ ਜੇਲ ਵਿਚ ਆ ਗਿਆ। ਵਿੱਕੀ ਜੇਲ ਬ੍ਰੇਕ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਸੀ ਅਤੇ 27 ਨਵੰਬਰ 2016 ਤੋਂ ਬਾਅਦ ਪੁਲਸ ਦੇ ਹੱਥ ਨਹੀਂ ਲੱਗਿਆ।
ਸੁੱਖਾ ਦੇ ਕਤਲ ਤੋਂ 3 ਸਾਲ ਬਾਅਦ ਵਿੱਕੀ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ। ਪਹਿਲੀ ਮਈ 2016 ਨੂੰ ਗੈਂਗਸਟਰ ਜਸਵਿੰਦਰ ਸਿੰਘ ਉਰਫ਼ ਰੌਕੀ ਦਾ ਹਿਮਾਚਲ ਪ੍ਰਦੇਸ਼ ਦੇ ਪਰਵਾਨੂੰ ਵਿਚ ਕਤਲ ਹੋਇਆ ਸੀ। ਉਸ ਨੇ ਫਾਜ਼ਿਲਕਾ ਤੋਂ ਸਾਬਕਾ ਭਾਜਪਾ ਵਜ਼ੀਰ ਖਿਲਾਫ਼ ਚੋਣ ਲੜੀ ਸੀ, ਉਦੋਂ ਵਿੱਕੀ ਨੇ ਰੌਕੀ ਦੀ ਹੱਤਿਆ ਨੂੰ ਆਪਣੇ ਸਾਥੀ ਸ਼ੇਰਾ ਦੇ ਕਤਲ ਦਾ ਬਦਲਾ ਦੱਸਿਆ ਸੀ। ਵਿੱਕੀ ਗੌਂਡਰ ਲਈ ਵਾਰਦਾਤਾਂ ਕਰਨੀਆਂ ਆਮ ਜਿਹੀਆਂ ਗੱਲਾਂ ਸਨ। ਪ੍ਰੇਮਾ ਲਾਹੌਰੀਆ ਨਾਭਾ ਜੇਲ ਬ੍ਰੇਕ ਕਾਂਡ ਵਿਚ ਭਗੌੜਾ ਸੀ ਅਤੇ ਵਿੱਕੀ ਦਾ ਦੋਸਤ ਸੀ। ਵਿੱਕੀ ਤੇ ਪ੍ਰੇਮਾ ਦੀ ਗ੍ਰਿਫ਼ਤਾਰੀ ਲਈ ਕ੍ਰਮਵਾਰ 10 ਤੇ 5 ਲੱਖ ਰੁਪਏ ਇਨਾਮ ਜੇਲ ਬ੍ਰੇਕ ਕਾਂਡ ਤੋਂ ਬਾਅਦ ਐਲਾਨਿਆਂ ਗਿਆ ਸੀ।


Related News