ਸੁਰੱਖਿਆ ਮੱਦੇਨਜ਼ਰ ਸਭ ਤੋਂ ਪਹਿਲਾਂ ਇੰਟਰ ਸਟੇਟ ਨਾਕਾ ਮਾਧੋਪੁਰ ''ਚ ਲੱਗੀ ਐਕਸ-ਰੇ ਮਸ਼ੀਨ

11/22/2019 5:09:41 PM

ਸੁਜਾਨਪੁਰ (ਜੋਤੀ) : ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਵੱਧ ਰਹੀਆਂ ਅੱਤਵਾਦੀ ਗਤੀਵਿਧੀਆਂ ਦੇ ਮੱਦੇਨਜ਼ਰ ਜ਼ਿਲਾ ਪਠਾਨਕੋਟ ਪੁਲਸ ਵਲੋਂ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਇੰਟਰ ਸਟੇਟ ਨਾਕਾ ਮਾਧੋਪੁਰ 'ਚ ਐਕਸ-ਰੇ ਮਸ਼ੀਨ, ਲਗੇਜ ਸਕੈਨਰ ਲਗਾਇਆ ਗਿਆ ਹੈ। ਇਸ ਦੀ ਸ਼ੁਰੂਆਤ ਅੱਜ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਵਲੋਂ ਉਦਘਾਟਨ ਕਰਕੇ ਕੀਤੀ ਗਈ। 

ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਇਹ ਥ੍ਰੀ-ਡੀ ਐਕਸ-ਰੇ ਮਸ਼ੀਨ 38 ਲੱਖ ਰੁਪਏ ਦੀ ਲਾਗਤ ਨਾਲ ਲਗਵਾਈ ਗਈ ਹੈ। ਜੇਕਰ ਕੋਈ ਵਿਅਕਤੀ ਆਪਣੇ ਬੈਗ ਜਾਂ ਕਿਸੇ ਹੋਰ ਚੀਜ਼ 'ਚ ਹਥਿਆਰ, ਕਾਰਤੂਸ ਜਾਂ ਫਿਰ ਵਿਸਫੋਟਕ ਸਮੱਗਰੀ ਨੂੰ ਲੁਕਾਅ ਕੇ ਲੈ ਜਾਂਦਾ ਹੈ ਤਾਂ ਇਸ ਮਸ਼ੀਨ ਨਾਲ ਉਸ ਦੇ ਬੈਗ ਨੂੰ ਸਕੈਨ ਕਰਨ 'ਤੇ ਪਤਾ ਲਗਾਇਆ ਜਾ ਸਕਦਾ ਹੈ ਕਿ ਬੈਗ 'ਚ ਕਿਹੜੀ ਚੀਜ਼ ਹੈ। ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਉਕਤ ਮਸ਼ੀਨ ਸੂਬੇ ਦੇ ਸਾਰੇ ਇੰਟਰ ਸਟੇਟ ਨਾਕਿਆਂ 'ਚੋਂ ਸਭ ਤੋਂ ਪਹਿਲਾਂ ਮਾਧੋਪੁਰ ਨਾਕੇ 'ਚ ਲਗਾਈ ਗਈ ਹੈ। ਇਸ ਦੌਰਾਨ ਉਨ੍ਹਾਂ ਵਲੋਂ ਇਕ ਬੈਗ 'ਚ ਪਿਸਤੌਲ ਰੱਖ ਕੇ ਡੈਮੋ ਵੀ ਦਿਖਾਇਆ ਗਿਆ ਕਿ ਮਸ਼ੀਨ ਦੁਆਰਾ ਕਿਸ ਤਰ੍ਹਾਂ ਹਥਿਆਰਾਂ ਨੂੰ ਸਕੈਨ ਕੀਤਾ ਜਾਂਦਾ ਹੈ। 

ਉਨ੍ਹਾਂ ਦੱਸਿਆ ਕਿ ਨਸ਼ੇ ਦੀ ਰੋਕਥਾਮ ਦੇ ਲਈ ਮਾਧੋਪੁਰ ਨਾਕੇ 'ਤੇ ਡਾਗ ਤਾਇਨਾਤ ਕੀਤਾ ਗਿਆ ਹੈ। ਪੁਲਸ ਵਲੋਂ ਉਸ ਦੀ ਮਦਦ ਨਾਲ ਨਸ਼ੇ ਅਤੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਸਕਦਾ ਹੈ। ਇਸ ਦੌਰਾਨ ਆਈ.ਜੀ. ਨੇ ਨਾਕੇ 'ਤੇ ਤਾਇਨਾਤ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਜ਼ਿਲਾ ਪਠਾਨਕੋਟ ਪੁਲਸ ਨੇ ਅਨੇਕਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ਸਬੰਧੀ ਨਿਰਦੇਸ਼ ਦਿੱਤੇ। 
 


Baljeet Kaur

Content Editor

Related News