ਕਾਂਗਰਸੀ ਵਿਧਾਇਕ ਦੀ ਗੁੰਡਾਗਰਦੀ, ਪੱਤਰਕਾਰ ਦੀ ਕੀਤੀ ਕੁੱਟਮਾਰ

Monday, Jul 08, 2019 - 12:53 PM (IST)

ਕਾਂਗਰਸੀ ਵਿਧਾਇਕ ਦੀ ਗੁੰਡਾਗਰਦੀ, ਪੱਤਰਕਾਰ ਦੀ ਕੀਤੀ ਕੁੱਟਮਾਰ

ਸੁਜਾਨਪੁਰ (ਜੋਤੀ, ਬਖਸ਼ੀ) : ਮਲਿਕਪੁਰ ਚੌਕ ਵਿਚ ਸਥਿਤ ਇਕ ਪੈਟਰੋਲ ਪੰਪ 'ਤੇ ਪੈਟਰੋਲ ਦੇ ਨਾਲ ਪਾਣੀ ਮਿਕਸ ਆਉਣ 'ਤੇ ਮੌਕੇ 'ਤੇ ਕਵਰਿੰਗ ਕਰਨ ਗਏ ਇਕ ਨਿੱਜੀ ਚੈਨਲ ਦੇ ਪੱਤਰਕਾਰ 'ਤੇ ਭੋਆ ਹਲਕੇ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਵੱਲੋਂ ਕਵਰਿੰਗ ਕਰਨ ਤੋਂ ਰੋਕਣ ਦੇ ਨਾਲ-ਨਾਲ ਕੁੱਟ-ਮਾਰ ਅਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੱਤਰਕਾਰ ਲੱਕੀ ਸਰੋਚ ਨੇ ਦੱਸਿਆ ਕਿ ਉਹ ਉਕਤ ਪੰਪ 'ਤੇ ਨਿਊਜ਼ ਕਵਰਿੰਗ ਲਈ ਗਿਆ ਸੀ। ਜਿਸ ਦੌਰਾਨ ਮੌਕੇ 'ਤੇ ਹਾਜ਼ਰ ਵਿਧਾਇਕ ਨੇ ਉਨ੍ਹਾਂ ਨੂੰ ਕਵਰਿੰਗ ਕਰਨ ਤੋਂ ਰੋਕਦੇ ਹੋਏ ਗਾਲੀ-ਗਲੋਚ ਕਰ ਕੇ ਕੁੱਟ-ਮਾਰ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦਾ ਮੋਬਾਇਲ ਤੱਕ ਖੋਹ ਲਿਆ। ਜਿਵੇਂ ਹੀ ਵਿਧਾਇਕ ਵਲੋਂ ਪੱਤਰਕਾਰ ਦੇ ਨਾਲ ਕੁੱਟ-ਮਾਰ ਦਾ ਮਾਮਲਾ ਹੋਰ ਪੱਤਰਕਾਰ ਸਾਥੀਆਂ ਦੇ ਧਿਆਨ ਵਿਚ ਆਇਆ ਤਾਂ ਸਾਰਿਆਂ ਨੇ ਮੌਕੇ 'ਤੇ ਪੈਟਰੋਲ ਪੰਪ 'ਤੇ ਪਹੁੰਚ ਕੇ ਵਿਧਾਇਕ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਸਮੂਹ ਪੱਤਰਕਾਰਾਂ ਨੇ ਕਿਹਾ ਕਿ ਜਦ ਵਿਧਾਇਕ ਪੱਤਰਕਾਰਾਂ ਦੇ ਨਾਲ ਇਸ ਪ੍ਰਕਾਰ ਦਾ ਵਿਵਹਾਰ ਕਰਦੇ ਹਨ ਤਾਂ ਆਮ ਜਨਤਾ ਦੇ ਨਾਲ ਕੀ ਕਰਦੇ ਹੋਣਗੇ। ਸਮੂਹ ਪੱਤਰਕਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਪੱਤਰਕਾਰਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਇਆ ਜਾਵੇ। ਉਥੇ ਲੱਕੀ ਸਰੋਚ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਘਟਨਾ ਸਬੰਧੀ ਸੁਜਾਨਪੁਰ ਪੁਲਸ ਥਾਣੇ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਇਸ ਸਬੰਧੀ ਜਦ ਵਿਧਾਇਕ ਜੋਗਿੰਦਰ ਪਾਲ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਪੀ. ਏ. ਨੇ ਫੋਨ ਕੱਟ ਦਿੱਤਾ। ਉਸ ਦੇ ਬਾਅਦ ਵਾਰ-ਵਾਰ ਫੋਨ ਕਰਨ 'ਤੇ ਵਿਧਾਇਕ ਨੇ ਆਪਣਾ ਫੋਨ ਨਹੀਂ ਉਠਾਇਆ।


author

Baljeet Kaur

Content Editor

Related News