ਜਾਂਦਾ ਸਾਲ ਵਿਛਾ ਗਿਆ ਘਰ 'ਚ ਸੱਥਰ, ਇੱਕੋ ਪਰਿਵਾਰ ਦੇ 5 ਜੀਆਂ ਨੇ ਫਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ
Monday, Jan 01, 2024 - 04:09 AM (IST)
ਜਲੰਧਰ (ਸੁਨੀਲ)- ਜਲੰਧਰ ਦੇ ਪਿੰਡ ਡਰੋਲੀ ਖੁਰਦ ਵਿਖੇ ਕਰਜ਼ੇ ਤੋਂ ਤੰਗ ਆ ਕੇ ਇਕ ਪਰਿਵਾਰ ਦੇ ਪੰਜ ਮੈਂਬਰਾਂ ਵੱਲੋਂ ਫਾਹਾ ਲੈ ਕੇ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਵਿਚ ਮਨਮੋਹਨ ਸਿੰਘ ਪੁੱਤਰ ਆਤਮਾ ਸਿੰਘ (55), ਉਸਦੀ ਪਤਨੀ ਸਰਬਜੀਤ ਕੌਰ, ਉਸ ਦੀਆਂ 2 ਕੁੜੀਆਂ ਜੋਤੀ (32) ਅਤੇ ਗੋਪੀ (31) ਤੇ ਜੋਤੀ ਦੀ ਧੀ ਅਮਨ (3) ਸ਼ਾਮਿਲ ਹਨ।
ਮ੍ਰਿਤਕ ਮਨਮੋਹਨ ਸਿੰਘ ਦੇ ਜਵਾਈ ਸਰਬਜੀਤ ਸਿੰਘ ਵਾਸੀ ਫੁਗਲਾਨਾ ਨੇ ਦੱਸਿਆ ਉਹ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਫੋਨ ਕਰ ਰਿਹਾ ਸੀ ਪਰ ਕੋਈ ਵੀ ਫੋਨ ਨਹੀਂ ਚੁੱਕ ਰਿਹਾ ਸੀ। ਇਸ ਕਾਰਨ ਉਸ ਨੇ ਪਿੰਡ ਡਰੋਲੀ ਖੁਰਦ ਆ ਕੇ ਦੇਖਿਆ ਤਾਂ ਮਨਮੋਹਨ ਅਤੇ ਸਰਬਜੀਤ ਕੌਰ ਦੀਆਂ ਲਾਸ਼ਾਂ ਪੱਖਿਆਂ ਨਾਲ ਲਮਕ ਰਹੀਆਂ ਸਨ ਤੇ ਬਾਕੀ ਮ੍ਰਿਤਕਾਂ ਦੀਆਂ ਲਾਸ਼ਾਂ ਮੰਜੇ ’ਤੇ ਪਈਆਂ ਸਨ। ਮਨਮੋਹਨ ਸਿੰਘ ਆਦਮਪੁਰ ਡਾਕਖਾਨੇ ਵਿਚ ਇੰਚਾਰਜ ਸੀ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ
ਇਸ ਘਟਨਾ ਦੀ ਸੂਚਨਾ ਮਿਲਦੇ ਥਾਣਾ ਮੁਖੀ ਮਨਜੀਤ ਸਿੰਘ ਤੇ ਰਾਤ 8.20 ਵਜੇ ਡੀ.ਐੱਸ.ਪੀ. ਆਦਮਪੁਰ ਵਿਜੇ ਕੁੰਵਰ ਸਿੰਘ ਮੌਕੇ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਮੌਕੇ ਤੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ਵਿਚ ਮਨਮੋਹਨ ਸਿੰਘ ਨੇ ਲਿਖਿਆ ਹੈ ਕਿ ਉਸ ਨੇ ਆਰਥਿਕ ਤੰਗੀ ਕਾਰਨ ਕਰਜ਼ਾ ਲਿਆ ਹੋਇਆ ਸੀ ਤੇ ਉਸ ਦਾ ਪਤਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਗਿਆ ਸੀ। ਇਸ ਕਾਰਨ ਘਰ ਵਿਚ ਵਿਵਾਦ ਰਹਿੰਦਾ ਸੀ।
ਰੋਜ਼-ਰੋਜ਼ ਦੇ ਘਰੇਲੂ ਵਿਵਾਦ ਤੇ ਕਰਜ਼ੇ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜੇ ਵਿਚ ਲੈ ਲਿਆ ਹੈ ਤੇ ਜਲੰਧਰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮ੍ਰਿਤਕਾਂ ਦੇ ਗਲੇ 'ਤੇ ਨਿਸ਼ਾਨ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਸਾਰਿਆਂ ਦੀ ਮੌਤ ਫਾਹਾ ਲੈਣ ਕਰਕੇ ਹੋਈ ਹੈ। ਜਦ ਉਨ੍ਹਾਂ ਨੂੰ ਤਿੰਨ ਸਾਲਾ ਬੱਚੀ ਦੀ ਮੌਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਗਲੇ 'ਤੇ ਵੀ ਨਿਸ਼ਾਨ ਹਨ ਤੇ ਹੋ ਸਕਦਾ ਹੈ ਕਿ ਕਿਸੇ ਨੇ ਉਸ ਨੂੰ ਵੀ ਫਾਹਾ ਦੇ ਦਿੱਤਾ ਹੋਵੇ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਡਰੱਗ ਤੇ ਹਥਿਆਰ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼, 19 ਕਿੱਲੋ ਹੈਰੋਇਨ ਡਰੱਗ ਮਨੀ ਸਣੇ 2 ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8