ਬੀਮਾਰੀ ਤੋਂ ਤੰਗ ਆ ਕੇ ਬਜ਼ੁਰਗ ਨੇ ਕੀਤੀ ਆਤਮ-ਹੱਤਿਆ

Wednesday, Mar 14, 2018 - 04:44 AM (IST)

ਬਠਿੰਡਾ(ਵਰਮਾ)-ਲੰਬੀ ਬੀਮਾਰੀ ਕਾਰਨ ਇਕ 75 ਸਾਲਾ ਬਜ਼ੁਰਗ ਕਿਸਾਨ ਨੇ 12 ਬੋਰ ਦੀ ਬੰਦੂਕ ਨਾਲ ਫਾਇਰ ਕਰ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਮਾਮਲਾ ਜ਼ਿਲੇ ਦੇ ਪਿੰਡ ਜੱਸੀ ਪੌ ਵਾਲੀ ਦਾ ਹੈ। 75 ਸਾਲਾ ਗੁਰਜੁੰਟ ਸਿੰਘ ਜੋ ਕੈਂਸਰ ਤੋਂ ਪੀੜਤ ਸੀ ਤੇ ਪਿਛਲੇ 7 ਸਾਲ ਤੋਂ ਲਗਾਤਾਰ ਮੈਕਸ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਰਿਹਾ ਸੀ। ਕੁਝ ਦਿਨ ਪਹਿਲਾਂ ਉਸ ਨੇ ਇਕ ਹੋਰ ਨਿੱਜੀ ਹਸਪਤਾਲ ਤੋਂ ਆਪਣੀਆਂ ਅੱਖਾਂ ਚੈੱਕ ਕਰਵਾਈਆਂ ਤਾਂ ਉਥੋਂ ਦੇ ਡਾਕਟਰਾਂ ਨੇ ਕਿਹਾ ਕਿ ਕੈਂਸਰ ਕਾਰਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਜਾਵੇਗੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲਗਾ। ਅਣ-ਵਿਆਹੁਤਾ ਹੋਣ ਕਾਰਨ ਉਸ ਦਾ ਕੋਈ ਬੱਚਾ ਨਹੀਂ ਸੀ ਜਦਕਿ ਸਿਰਫ 7 ਕਨਾਲ ਜ਼ਮੀਨ ਦਾ ਹੀ ਮਾਲਕ ਸੀ, ਜਿਸ ਦੀ ਵਸੀਅਤ ਉਸ ਨੇ ਪਹਿਲਾਂ ਹੀ ਆਪਣੇ ਭਤੀਜੇ ਦੇ ਨਾਂ ਕਰ ਰੱਖੀ ਸੀ, ਜੋ ਉਸ ਦੀ ਦੇਖ-ਰੇਖ ਕਰਦਾ ਸੀ। ਮੰਗਲਵਾਰ ਨੂੰ ਸਵੇਰੇ 10 ਵਜੇ ਘਰ 'ਚ ਕੋਈ ਨਹੀਂ ਸੀ ਤਾਂ ਬਜ਼ੁਰਗ ਕਿਸਾਨ ਨੇ ਆਪਣੀ 12 ਬੋਰ ਦੀ ਬੰਦੂਕ ਚੁੱਕੀ ਤੇ ਛਾਤੀ 'ਤੇ ਰੱਖ ਕੇ ਫਾਇਰ ਕਰ ਦਿੱਤਾ। ਗੋਲੀ ਚੱਲਣ ਦੀ ਆਵਾਜ਼ ਜਿਵੇਂ ਹੀ ਬਾਹਰ ਕੰਮ ਕਰ ਰਹੀਆਂ ਔਰਤਾਂ ਨੇ ਸੁਣੀ ਤਾਂ ਉਨ੍ਹਾਂ ਸ਼ੋਰ ਮਚਾਇਆ ਤਾਂ ਉਸ ਦਾ ਭਰਾ ਜ਼ਖਮੀ ਹਾਲਤ 'ਚ ਉਸ ਨੂੰ ਚੁੱਕ ਕੇ ਹਸਪਤਾਲ ਵੱਲ ਤੁਰ ਪਿਆ ਪਰ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਥਾਣੇਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਬੀਮਾਰੀ ਕਾਰਨ ਮ੍ਰਿਤਕ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਹ ਮਾਨਸਿਕ ਰੋਗੀ ਵੀ ਬਣ ਚੁੱਕਾ ਸੀ। ਉਸ ਦੇ ਤਿੰਨ ਹੋਰ ਭਰਾ ਸਨ, ਜਿਸ 'ਚ 2 ਦਾ ਵਿਆਹ ਹੋਇਆ ਸੀ। ਇਨ੍ਹਾਂ ਸਾਰਿਆਂ ਕੋਲ ਸਿਰਫ 7 ਏਕੜ ਜ਼ਮੀਨ ਸੀ ਜਦਕਿ ਸਾਰੇ ਭਰਾ ਇਕੱਠੇ ਰਹਿੰਦੇ ਸਨ ਪਰ ਬੀਮਾਰੀ ਤੋਂ ਤੰਗ ਆ ਕੇ ਉਸ ਨੇ ਆਤਮ-ਹੱਤਿਆ ਕਰ ਲਈ। ਪੁਲਸ ਨੇ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਅੰਤਿਮ ਸੰਸਕਾਰ ਲਈ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।


Related News