ਨੌਜਵਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

11/18/2017 4:26:44 AM

ਮਾਂ ਨੇ ਏਜੰਟ 'ਤੇ ਠੱਗੀ ਮਾਰਨ ਦਾ ਲਾਇਆ ਦੋਸ਼
ਲੋਹੀਆਂ ਖਾਸ(ਮਨਜੀਤ, ਹਰਸ਼)-ਨੇੜਲੇ ਪਿੰਡ ਕੋਠਾ ਦੇ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ।  ਜਾਣਕਾਰੀ ਦਿੰਦੇ ਹੋਏ ਅਰਵਿੰਦਰ ਕੌਰ ਪਤਨੀ ਸਵ. ਕਸ਼ਮੀਰ ਸਿੰਘ ਵਾਸੀ ਪਿੰਡ ਕੋਠਾ ਨੇ ਦੱਸਿਆ ਕਿ ਉਸਦੇ ਲੜਕੇ ਜਸਕਰਨਵੀਰ ਸਿੰਘ ਨੇ ਵਿਦੇਸ਼ ਜਾਣ ਲਈ ਏਜੰਟ ਦੇ ਖਾਤੇ ਵਿਚ ਪੰਜ ਲੱਖ ਰੁਪਏ ਜਮ੍ਹਾ ਕਰਵਾਏ ਸਨ ਪਰ ਉਸ ਦੇ ਲੜਕੇ ਨੂੰ ਵਿਦੇਸ਼ ਨਹੀਂ ਭੇਜਿਆ ਗਿਆ । ਉਨ੍ਹਾਂ ਨੇ ਏਜੰਟ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ ਲਾਰੇ ਲਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਤੰਗ ਆ ਕੇ ਉਸਦੇ ਲੜਕੇ ਜਸਕਰਨਵੀਰ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਸਥਾਨਕ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਖਤਰੇ 'ਚੋਂ ਬਾਹਰ ਦੱਸਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਕਰਨ ਲਈ ਕੁਲਵਿੰਦਰ ਸਿੰਘ ਏ. ਐੱਸ. ਆਈ. ਪੁਲਸ ਪਾਰਟੀ ਨਾਲ ਮੌਕੇ 'ਤੇ ਬਿਆਨ ਲੈਣ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਬਿਆਨ ਦੇਣ ਤੋਂ ਅਸਮਰਥ ਦੱਸਿਆ। ਦੂਜੇ ਪਾਸੇ ਏਜੰਟ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਜਸਕਰਨਵੀਰ ਦੀ ਫ਼ੀਸ ਆਨ ਲਾਈਨ ਵਿਦੇਸ਼ੀ ਕਾਲਜ ਵਿਚ ਜਮ੍ਹਾ ਹੋਈ ਹੈ। ਫੀਸ ਜਮ੍ਹਾ ਹੋਣ ਤੋਂ ਬਾਅਦ ਜਸਕਰਨਵੀਰ ਨੇ ਕਿਹਾ ਕਿ ਉਸ ਨੇ ਵਿਦੇਸ਼ ਨਹੀਂ ਜਾਣਾ ਤੇ ਉਸ ਦੇ ਰੁਪਏ ਮੋੜ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਕਾਲਜ ਨੂੰ ਫੀਸ ਵਾਪਸੀ ਸਬੰਧੀ ਲਿਖ ਵੀ ਦਿੱਤਾ ਗਿਆ ਹੈ। ਰੁਪਏ ਵਾਪਸ ਹੋਣ ਨੂੰ ਕੁੱਝ ਦਿਨ ਲੱਗ ਸਕਦੇ ਹਨ । 


Related News