ਨੌਕਰੀ ਜਾਣ ਤੋਂ ਪਰੇਸ਼ਾਨ  ਦਰਜਾ ਚਾਰ ਮੁਲਾਜ਼ਮ ਵੱਲੋਂ ਪੈਟਰੋਲ ਪਾ ਕੇ ਖੁਦਕੁਸ਼ੀ ਦੀ ਕੋਸ਼ਿਸ਼

Thursday, Apr 08, 2021 - 11:17 AM (IST)

ਚੰਡੀਗੜ੍ਹ (ਸੁਸ਼ੀਲ) : ਨੌਕਰੀ ਤੋਂ ਕੱਢਣ ਤੋਂ ਪਰੇਸ਼ਾਨ ਦਰਜਾ ਚਾਰ ਦੇ ਮੁਲਾਜ਼ਮ ਧਨੀਰਾਮ  ਸੈਕਟਰ-19 ਸਥਿਤ ਚੰਡੀਗੜ੍ਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਦੀ ਛੱਤ ’ਤੇ ਚੜ੍ਹ ਕੇ ਪੈਟਰੋਲ ਪਾ ਕੇ ਖ਼ੁਦਕੁਸ਼ੀ ਕਰਨ ਲੱਗਾ। ਸਟਾਫ਼ ਅਤੇ ਹੋਰ ਲੋਕਾਂ ਨੇ ਉਸ ’ਤੇ ਪਾਣੀ ਪਾ ਕੇ ਉਸ ਨੂੰ ਬਚਾਇਆ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-19 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਧਨੀਰਾਮ ਨੂੰ ਪੁਲਸ ਥਾਣੇ ਲੈ ਗਈ।

ਸੈਕਟਰ-19 ਥਾਣਾ ਇੰਚਾਰਜ ਮਲਕੀਤ ਸਿੰਘ ਨੇ ਦੱਸਿਆ ਕਿ ਦੋ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਧਨੀਰਾਮ ਚੰਡੀਗੜ੍ਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫ਼ਤਰ ਦੀ ਛੱਤ ’ਤੇ ਚੜ੍ਹ ਕੇ ਖ਼ੁਦ ’ਤੇ ਪੈਟਰੋਲ ਪਾ ਕੇ ਖ਼ੁਦਕੁਸ਼ੀ ਕਰ ਰਿਹਾ ਹੈ। ਪੁਲਸ ਮੌਕੇ ’ਤੇ ਪਹੁੰਚੀ ਅਤੇ ਧਨੀਰਾਮ ਨੂੰ ਖ਼ੁਦਕੁਸ਼ੀ ਕਰਨ ਤੋਂ ਬਚਾਅ ਲਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਧਨੀਰਾਮ ਨੇ ਪੁਲਸ ਨੂੰ ਦੱਸਿਆ ਕਿ 2011 ਵਿਚ ਉਸ ਦੀ ਨਿਯੁਕਤੀ ਡੀ. ਸੀ. ਰੇਟ ’ਤੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-53 ਵਿਚ ਕੀਤੀ ਗਈ ਸੀ।

ਇਸ ਦੇ ਚਾਰ ਸਾਲ ਬਾਅਦ ਉਸ ਨੂੰ ਕੰਟਰੈਕਟ ’ਤੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-42 ਭੇਜਿਆ ਗਿਆ। ਉਸ ਨੂੰ ਪਿਛਲੇ ਦਿਨੀਂ ਨੌਕਰੀ ਤੋਂ ਕੱਢ ਦਿੱਤਾ ਗਿਆ। 5 ਮਹੀਨੇ ਬੇਰੁਜ਼ਗਾਰ ਰਹਿਣ ਤੋਂ ਬਾਅਦ ਉਸਦੀ ਨਿਯੁਕਤੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-46 ਵਿਚ ਕੀਤੀ ਗਈ ਪਰ ਇਕ ਮਹੀਨਾ ਕੰਮ ਕਰਵਾ ਕੇ ਬਿਨਾਂ ਤਨਖਾਹ ਤੋਂ ਉਸ ਨੂੰ ਉੱਥੋਂ ਵੀ ਕੱਢ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉੱਚ ਅਧਿਕਾਰੀ ਆਪਣੇ ਜਾਣਕਾਰਾਂ ਨੂੰ ਨੌਕਰੀ ’ਤੇ ਰੱਖ ਰਹੇ ਹਨ। ਇੰਨੇ ਸਾਲ ਨੌਕਰੀ ਕਰਨ ਦੇ ਬਾਵਜੂਦ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ।


Babita

Content Editor

Related News