ਫਸਲ ਦਾ ਪੂਰਾ ਭਾਅ ਨਾ ਮਿਲਣ ਕਰ ਕੇ 3ਲੱਖ ਤੋਂ ਵੱਧ ਕਿਸਾਨ ਕਰ ਚੁੱਕੇ ਹਨ ਆਤਮ-ਹੱਤਿਆ

02/21/2020 11:50:19 AM

ਮੋਗਾ (ਗੋਪੀ ਰਾਊਕੇ): ਭਾਰਤੀ ਕਿਸਾਨ ਯੂਨੀਅਨ ਰਜਿ. (ਕਾਦੀਆਂ) ਦੀ ਮਹੀਨਾਵਾਰ ਮੀਟਿੰਗ ਜ਼ਿਲਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜ਼ਿਲਾ ਜਨਰਲ ਸਕੱਤਰ ਗੁਲਜ਼ਾਰ ਸਿੰਘ ਘੱਲਕਲਾਂ ਨੇ ਚਲਾਈ ਅਤੇ ਜ਼ਿਲਾ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਸੰਧੂਆਣਾ ਨੇ ਰਿਲੀਜ਼ ਕੀਤੀ। ਇਸ ਮੀਟਿੰਗ ਨੂੰ ਸੁਖਜਿੰਦਰ ਸਿੰਘ ਖੋਸਾ ਵਿੱਤ ਸਕੱਤਰ ਪੰਜਾਬ, ਅੱਤਰ ਸਿੰਘ ਸੋਨੂੰ ਮੋਗਾ, ਸੁਰਜੀਤ ਸਿੰਘ ਕੋਰੋਟਾਣਾ, ਜਸਵੀਰ ਸਿੰਘ ਮੰਦਰ, ਦਲੀਪ ਸਿੰਘ ਜਨੇਰ, ਦਰਸ਼ਨ ਸਿੰਘ ਰੌਲੀ, ਗੁਰਬਚਨ ਸਿੰਘ ਚੂੰਨਵਾਲਾ, ਕੁਲਵੰਤ ਸਿੰਘ, ਲਾਭ ਸਿੰਘ ਮਾਣੂੰਕੇ ਆਦਿ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ।

ਸ. ਮਾਣੂੰਕੇ ਅਤੇ ਘੱਲਕਲਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਪੇਮੈਂਟ ਦੇ ਨਾਂ 'ਤੇ ਅਤੇ ਖੁੱਲ੍ਹੀ ਮੰਡੀ ਦੇਣ ਦੇ ਤਰਕ ਦਾ ਭਰਮ ਫਲਾਅ ਕੇ ਕਣਕ ਤੇ ਝੋਨੇ ਦੀ ਸਰਕਾਰੀ ਭਾਅ ਦੇਣ ਦੀ ਪਾਲਿਸੀ ਤੋਂ ਪਿੱਛੇ ਹੱਟਣ ਦੀ ਯੋਜਨਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਕ ਏਕੜ ਤੇ 16 ਕੁਇੰਟਲ ਕਣਕ ਹੀ ਐੱਮ. ਐੱਸ. ਪੀ. 'ਤੇ ਖਰੀਦਣ ਦੇ ਮਾਪਦੰਡ ਤੈਅ ਕੀਤੇ ਜਾ ਰਹੇ ਹਨ। ਬਾਕੀ ਫਸਲ ਨੂੰ ਖੁੱਲ੍ਹੀ ਮੰਡੀ 'ਚ ਵਪਾਰੀਆਂ ਦੇ ਰਹਿਮਕਰਨ 'ਤੇ ਛੱਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 130 ਲੱਖ ਟਨ ਕਣਕ ਤੇ 180 ਲੱਖ ਟਨ ਝੋਨਾ ਪੈਦਾ ਹੁੰਦਾ ਹੈ। ਦੋਹਾਂ ਫਸਲਾਂ ਦੀ ਕੀਮਤ ਤਕਰੀਬਨ 55 ਹਜ਼ਾਰ ਕਰੋੜ ਰੁਪਏ ਬਣਦੀ ਹੈ, ਜੇਕਰ ਸਰਕਾਰ ਐੱਮ. ਐੱਸ. ਪੀ. ਤੋਂ ਪਿੱਛੇ ਹੱਟਦੀ ਹੈ ਤਾਂ ਵਪਾਰੀ ਇਸ ਫਸਲ ਨੂੰ ਅੱਧੀ ਕੀਮਤ 'ਤੇ ਖਰੀਦਣਗੇ, ਜਿਸ ਨਾਲ ਕਿਸਾਨ ਤਾਂ ਪੱਕਾ ਮਰੇਗਾ ਹੀ ਮਰੇਗਾ। ਇਸ ਨਾਲ ਪੰਜਾਬ ਦਾ ਸ਼ਹਿਰੀ ਵਪਾਰ ਵੀ ਡੁੱਬੇਗਾ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਉਸਦੀ ਫਸਲ ਦਾ ਪੂਰਾ ਭਾਅ ਨਾ ਮਿਲਣ ਕਰ ਕੇ ਅੰਕੜਿਆਂ ਮੁਤਾਬਕ 1995-2019 ਤੱਕ 3,40,000 ਕਿਸਾਨ ਆਤਮ-ਹੱਤਿਆ ਕਰ ਚੁੱਕੇ ਹਨ। ਇਸ ਤਰ੍ਹਾਂ ਆਉਣ ਵਾਲੇ ਸਮੇਂ 'ਚ ਆਤਮ-ਹੱਤਿਆਵਾਂ ਦਾ ਦੌਰ ਵਧੇਗਾ ਅਤੇ ਦੇਸ਼ 'ਚ ਅਰਾਜਕਤਾ ਫੈਲ ਸਕਦੀ ਹੈ। ਉਨ੍ਹਾਂ ਰਾਜਨੀਤਿਕ ਲੋਕਾਂ ਖਾਸ ਕਰ ਕੇ ਸੰਸਥਾ 'ਤੇ ਗਿਲ੍ਹਾ ਕਰਦਿਆਂ ਕਿਹਾ ਕਿ ਉਹ ਬੌਧਿਕ ਤੌਰ 'ਤੇ ਖਾਲੀ ਜਾਪਦੇ ਹਨ, ਜਿਨ੍ਹਾਂ ਨੇ ਅੱਜ ਤੱਕ ਸੰਸਦ 'ਚ ਕਿਸਾਨ ਮੁੱਦਿਆਂ 'ਤੇ ਕੋਈ ਠੋਸ ਯੋਜਨਾਵਾਂ ਨਹੀਂ ਬਣਾ ਕੇ ਦਿੱਤੀਆਂ। ਸ੍ਰ. ਖੋਸਾ ਅਤੇ ਮੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਜਿਸਟਰੀ 'ਤੇ ਅਸ਼ਟਾਮ ਫੀਸ 1ਫੀਸਦੀ ਵਧਾ ਕੇ ਕਿਸਾਨ ਵਿਰੋਧੀ ਫੈਸਲਾ ਕੀਤਾ ਹੈ।

ਪੰਜਾਬ 'ਚ ਅਪੁਆਇੰਟਮੈਂਟ ਤੋਂ ਬਿਨਾਂ ਮੌਕੇ 'ਤੇ ਫੀਸ 500 ਤੋਂ ਵਧਾ ਕੇ 5000 ਰੁਪਏ ਕਰ ਦਿੱਤੀ ਹੈ ਜੋ ਕਿ ਘੋਰ ਅਨਿਆਏ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ 'ਚ ਪੂਰੀ ਲੁੱਟ ਹੋ ਰਹੀ ਹੈ। ਪੇਪਰ ਭਰਨ ਦੀ ਫੀਸ 100/-ਰੁਪਏ ਤੁਰੰਤ ਕੀਤੀ ਜਾਵੇ। ਇਸ ਮੌਕੇ ਵੱਡੀ ਗਿਣਤੀ 'ਚ ਜ਼ਿਲਾ ਅਹੁਦੇਦਾਰ ਤੇ ਬਲਾਕਾਂ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।


Shyna

Content Editor

Related News