ਕੜਾਕੇ ਦੀ ਠੰਡ ਨੇ ਛੇੜੀ ਕੰਬਣੀ, ਆਲੂਆਂ ਦੀ ਫਸਲ ਲਈ ਖਤਰੇ ਦੀ ਘੰਟੀ
Tuesday, Dec 24, 2019 - 06:51 PM (IST)

ਨਾਭਾ (ਜਗਨਾਰ) : ਪੋਹ ਦੇ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਜਿਵੇਂ ਹੀ ਸੂਰਜ ਦੇਵਤਾ ਅਲੋਪ ਹੋਏ ਤਾਂ ਠੰਡ ਦਾ ਕਹਿਰ ਵਧਦਾ ਗਿਆ ਜਿਸ ਨਾਲ ਆਮ ਜਨ ਜੀਵਨ ਨੂੰ ਬਰੇਕਾਂ ਹੀ ਨਹੀਂ ਲੱਗੀਆਂ ਸਗੋਂ ਇਸ ਕੜਕਦੀ ਠੰਡ ਨੇ ਕੰਬਣੀ ਛੇੜ ਦਿੱਤੀ ਹੈ। ਲੋਕ ਹੁਣ ਅੱਗ ਦਾ ਸਹਾਰਾ ਲੈਣ ਲੱਗੇ ਹਨ ਅਤੇ ਥਾਂ-ਥਾਂ ਧੂਣੀਆਂ ਬਾਲੀਆਂ ਨਜ਼ਰ ਆਉਂਦੀਆਂ ਹਨ ਤਾਂ ਜੋ ਠੰਡ ਤੋਂ ਰਾਹਤ ਮਿਲ ਸਕੇ । ਇਸ ਵਧਦੀ ਠੰਢ ਨੂੰ ਵੇਖਦਿਆਂ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਠੰਡ ਦਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕਣਕ ਦੀ ਫਸਲ ਨੂੰ ਵੀ ਇਸ ਦਾ ਨੁਕਸਾਨ ਹੋ ਸਕਦਾ ਹੈ ਤੇ ਆਲੂਆਂ ਦੀ ਫਸਲ ਤੇ ਵੀ ਇਹ ਠੰਡ ਭਾਰੀ ਪੈ ਸਕਦੀ ਹੈ।
ਆਲੂ ਕਾਸ਼ਤਕਾਰ ਕਿਸਾਨ ਹਰਬੰਸ ਸਿੰਘ ਬਿਰੜਵਾਲ ਨੇ ਕਿਹਾ ਕਿ ਜੇਕਰ ਸੂਰਜ ਨਾ ਨਿਕਲਿਆ ਤਾਂ ਆਲੂਆਂ ਦੇ ਝਾੜ ਤੇ ਭਾਰੀ ਅਸਰ ਹੋ ਸਕਦਾ ਹੈ ਅਤੇ ਨਾਲ ਹੀ ਸੂਰਜ ਨਾ ਨਿਕਲਣ ਕਾਰਨ ਕਣਕ ਦੀ ਫਸਲ ਨੂੰ ਪੀਲੀ ਕੂੰਗੀ ਪੈਣ ਦਾ ਵੀ ਡਰ ਸਤਾਉਂਦਾ ਰਹਿੰਦਾ ਹੈ।